Punjab

ਚੰਨੀ ਨੇ ਕੇਜਰੀਵਾਲ ਨੂੰ ਮੁੜ ਕਿਹਾ ਕਾਲਾ ਅੰਗਰੇਜ਼, ਝੰਬੇ ਵਿਰੋਧੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲਹਿਰਾ ‘ਚ ਪਹੁੰਚ ਕੇ ਵਿਰੋਧੀਆਂ ‘ਤੇ ਖੂਬ ਨਿਸ਼ਾਨੇ ਕੱਸੇ। ਚੰਨੀ ਨੇ ਵਿਅੰਗਮਈ ਢੰਗ ਨਾਲ ਨਿਸ਼ਾਨਾ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਲੋਕ ਇਸ ਤਰ੍ਹਾਂ ਜਾ ਰਹੇ ਹਨ ਜਿਵੇਂ ਭੋਗ ‘ਤੇ ਜਾ ਰਹੇ ਹੁੰਦੇ ਹਨ। ਇਨ੍ਹਾਂ ਦੇ ਰਾਜਨੀਤਿਕ ਭੋਗ ਦੀ ਤਿਆਰੀ ਹੋ ਗਈ ਹੈ, ਸਲੋਕ ਪੜਨੇ ਸ਼ੁਰੂ ਹੋਏ ਪਏ ਹਨ ਅਤੇ 20 ਫਰਵਰੀ ਨੂੰ ਲੋਕਾਂ ਨੇ ਭੋਗ ਪਾ ਦੇਣਾ ਹੈ।

ਬੀਬੀ ਰਾਜਿੰਦਰ ਕੌਰ ਭੱਠਲ ਦੇ ਗਾਏ ਸੋਹਲੇ

ਬੀਬੀ ਰਾਜਿੰਦਰ ਕੌਰ ਭੱਠਲ ਦੇ ਗੁਣਗਾਣ ਕਰਦਿਆਂ ਚੰਨੀ ਨੇ ਕਿਹਾ ਕਿ ਬੀਬੀ ਭੱਠਲ ਮੇਰੇ ਵਾਸਤੇ ਚਾਨਣ ਮੁਨਾਰਾ ਹਨ। ਮੈਂ ਹਮੇਸ਼ਾ ਇਨ੍ਹਾਂ ਤੋਂ ਸੇਧ ਲਈ ਹੈ। ਪੰਜਾਬ ਵਿੱਚ ਹਰ ਜਗ੍ਹਾ ਇਨ੍ਹਾਂ ਦੀ ਮੰਗ ਹੈ। ਬੀਬੀ ਭੱਠਲ ਇੱਕ ਨਿਧੜਕ ਜਰਨੈਲ ਹੈ। ਅਗਲੀ ਸਰਕਾਰ ਬੀਬੀ ਰਜਿੰਦਰ ਕੌਰ ਭੱਠਲ ਨੇ ਚਲਾਉਣੀ ਹੈ। ਬੀਬੀ ਜੀ ਨੇ ਹਮੇਸ਼ਾ ਮੇਰੀ ਬਾਂਹ ਫੜੀ ਹੈ।

ਕੈਪਟਨ ਤੇ ਕੱਸੇ ਨਿਸ਼ਾਨੇ

ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਘੇਲਾ ਕਹਿੰਦਿਆਂ ਕਿਹਾ ਕਿ ਕੈਪਟਨ ਨੇ ਹਮੇਸ਼ਾ ਅਕਾਲੀਆਂ ਦੇ ਨਾਲ ਮਿਲ ਕੇ ਬੀਬੀ ਰਜਿੰਦਰ ਕੌਰ ਭੱਠਲ ਦੇ ਖਿਲਾਫ਼ ਸਾਜਿਸ਼ਾਂ ਰਚੀਆਂ, ਪਾਰਟੀ ਦਾ ਨੁਕਸਾਨ ਕੀਤਾ। ਕੈਪਟਨ 10 ਸਾਲ ਸੱਤਾ ਵਿੱਚ ਰਿਹਾ ਪਰ ਇਨ੍ਹਾਂ ਨੇ ਮਾਲਵੇ ਦੀ ਸਾਰ ਨਹੀਂ ਲਈ, ਮਾਲਵੇ ਦਾ ਮਾੜਾ ਹਾਲ ਕਰ ਦਿੱਤਾ। ਕੈਪਟਨ ਚਾਰ ਵਜੇ ਸ਼ਰਾਬ ਪੀਣ ਲੱਗ ਪੈਂਦਾ ਹੈ ਅਤੇ ਦੋ ਘੰਟਿਆਂ ਦਾ ਹੀ ਫਰਕ ਹੈ, ਉਹ ਛੇ ਵਜੇ ਆਪਣੀ ਦੁਕਾਨ ਬੰਦ ਕਰ ਦਿੰਦਾ ਹੈ।

ਲੋਕਾਂ ਨੂੰ ਗੋਦ ਲੈਣ ਦੀ ਕੀਤੀ ਅਪੀਲ

ਚੰਨੀ ਨੇ ਕਿਹਾ ਕਿ ਮੈਂ ਇੱਕ ਖਾਲੀ ਕਾਗਜ਼ ‘ਤੇ ਸਾਈਨ ਕਰ ਦਿਆਂਗਾ, ਉੱਪਰ ਜੋ ਵੀ ਲਿਖਣਾ ਹੋਇਆ, ਲਿਖ ਦਿਉ, ਇਹ ਤੁਹਾਡੀ ਮਰਜ਼ੀ ਹੋਵੇਗੀ। ਚੰਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਗੋਦ ਲੈ ਲਿਉ, ਮੈਨੂੰ ਆਪਣੀ ਕਿਰਪਾ ਦੇ ਨਾਲ ਮੁੱਖ ਮੰਤਰੀ ਬਣਾ ਦਿਉ ਤਾਂ ਜੋ ਇਸ ਇਲਾਕੇ ਨੂੰ ਉੱਪਰ ਚੁੱਕਿਆ ਜਾਵੇ।

ਕੇਜਰੀਵਾਲ ਨੂੰ ਮੁੜ ਕਿਹਾ ਕਾਲਾ ਅੰਗਰੇਜ਼

ਚੰਨੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚਿੱਟੇ ਅੰਗਰੇਜ਼ ਬਾਹਰੋਂ ਆ ਕੇ ਦੇਸ਼ ਨੂੰ ਲੁੱਟ ਕੇ ਲੈ ਗਏ ਸਨ ਅਤੇ ਅੱਜ ਦਿੱਲੀ ਤੋਂ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਕੇਜਰੀਵਾਲ ਕਹਿੰਦਾ ਹੈ ਕਿ ਮੈਨੂੰ ਕਾਲਾ ਕਹਿੰਦਾ ਹੈ, ਮੈਂ ਕਿਹਾ ਚਿੱਟਾ ਕਹਿ ਦਿੰਦੇ ਹਾਂ ਪਰ ਹੈ ਤਾਂ ਅੰਗਰੇਜ਼ ਹੀ ਨਾ, ਸਾਡਾ ਤਾਂ ਹੈ ਹੀ ਨਹੀਂ। ਕੇਜਰੀਵਾਲ ਹਰਿਆਣੇ ਦਾ ਰਹਿਣ ਵਾਲਾ ਹੈ, ਦਿੱਲੀ ਦਾ ਮੁੱਖ ਮੰਤਰੀ ਹੈ। ਸਾਡਾ ਹਰਿਆਣੇ ਦੇ ਨਾਲ ਪਾਣੀ ਦਾ ਝਗੜਾ ਹੈ ਪਰ ਕੇਜਰੀਵਾਲ ਐੱਸਵਾਈਐੱਲ ਕੱਢਣਾ ਚਾਹੁੰਦਾ ਹੈ। ਇਸ ਲਈ ਜੇ ਕੇਜਰੀਵਾਲ ਕੋਲ ਤਾਕਤ ਆ ਗਈ ਤਾਂ ਪੰਜਾਬ ਕੋਲ ਨਾ ਪਾਣੀ ਰਹਿਣਾ ਹੈ, ਨਾ ਚੰਡੀਗੜ੍ਹ ਆਉਣਾ ਹੈ ਅਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਰਹਿਣੇ ਹਨ। ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬੀ ਪੜਨੀ ਬੰਦ ਕਰ ਦਿੱਤੀ ਹੈ, ਪਰਾਲੀ ਵਾਲੇ ਮੁੱਦੇ ‘ਤੇ ਪੰਜਾਬ ਨੂੰ ਬਦਨਾਮ ਕਰੀ ਗਏ ਹਨ।

ਕਿਸਾਨੀ ਅੰਦੋਲਨ ਤੇ ਕੇਜਰੀਵਾਲ ਨੂੰ ਘੇਰਿਆ

ਚੰਨੀ ਨੇ ਕਿਹਾ ਕਿ ਕਿਸਾਨਾਂ ਦਾ ਦਿੱਲੀ ਵਿੱਚ ਅੰਦੋਲਨ ਚੱਲਿਆ ਸੀ ਪਰ ਕੇਜਰੀਵਾਲ ਨੇ ਇੱਕ ਦਿਨ ਵੀ ਕਿਸਾਨਾਂ ਦੇ ਨਾਲ ਰੈਲੀ ਨਹੀਂ ਕੀਤੀ, ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਉਲਟਾ ਦਿੱਲੀ ਦੀ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ। ਅਸੀਂ ਪੰਜਾਬੀਆਂ ਦਾ ਰਾਜ ਭਾਗ ਕਿਸੇ ਨੂੰ ਨਹੀਂ ਦੇ ਸਕਦੇ। ਇਨ੍ਹਾਂ ਨੇ 10 ਹਜ਼ਾਰ ਬੰਦਾ ਪੰਜਾਬ ਵਿੱਚ ਛੱਡਿਆ ਹੋਇਆ ਹੈ।

ਭਗਵੰਤ ਮਾਨ ਨੂੰ ਜਾਇਦਾਦਾਂ ਬਦਲਾਉਣ ਦੀ ਦਿੱਤੀ ਨਸੀਹਤ

ਚੰਨੀ ਨੇ ਭਗਵੰਤ ਮਾਨ ‘ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਕਹਿੰਦਾ ਹੈ ਕਿ ਮੇਰੀ 170 ਕਰੋੜ ਰੁਪਏ ਦੀ ਜਾਇਦਾਦ ਹੈ। ਮੈਂ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇ ਇਸ ਤਰ੍ਹਾਂ ਹੈ ਤਾਂ ਫਿਰ ਉਹ ਆਪਣੀ ਵਾਲੀ ਜਾਇਦਾਦ ਮੈਨੂੰ ਦੇ ਦੇਵੇ ਅਤੇ ਮੇਰੀ ਵਾਲੀ 170 ਕਰੋੜ ਰੁਪਏ ਵਾਲੀ ਜਾਇਦਾਦ ਉਹ ਲੈ ਲਵੇ। ਭਗਵੰਤ ਮਾਨ ਤਹਿਸੀਲ ਵਿੱਚ ਆ ਕੇ ਜਾਇਦਾਦਾਂ ਦੀ ਅਦਲਾ-ਬਦਲੀ ਕਰਵਾ ਲਵੇ। ਮੇਰੀ ਕੁੱਲ ਜਾਇਦਾਦ 1 ਕਰੋੜ 16 ਲੱਖ ਰੁਪਏ ਹੈ ਪਰ ਉਹਦੀ ਜਾਇਦਾਦ ਮਹਿੰਗੀ ਹੈ। ਚੰਨੀ ਨੇ ਭਗਵੰਤ ਮਾਨ ਨੂੰ ਅਨਪੜ੍ਹ ਤੇ ਅੰਗੂਠਾ ਛਾਪ ਵੀ ਦੱਸਿਆ।

ਖੁਦ ਦੀ ਕੀਤੀ ਤਾਰੀਫ਼

ਚੰਨੀ ਨੇ ਖੁਦ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੈਂ ਗਰੀਬ ਘਰ ਵਿੱਚ ਜੰਮਿਆ ਹਾਂ, ਨਾ ਉੱਪਰ ਸ਼ਕਤੀ ਅਤੇ ਨਾ ਹੀ ਥੱਲੇ ਸ਼ਕਤੀ। ਪੜ ਲਿਖ ਕੇ ਜਿੰਨੀ ਤਰੱਕੀ ਕੀਤੀ, ਲੋਕਾਂ ਨੇ ਸੰਭਾਲ ਲਿਆ। ਲੋਕਾਂ ਦੇ ਵਿੱਚ ਸੰਤ ਬਿਰਤੀ ਦੇ ਨਾਲ ਘੁੰਮੀਦਾ ਹੈ। ਪਰ ਫਿਰ ਵੀ ਮੇਰੇ ਖਿਲਾਫ਼ ਵਿਰੋਧੀ ਝੂਠੇ ਪ੍ਰਚਾਰ ਕਰਦੇ ਰਹਿੰਦੇ ਹਨ ਪਰ ਬਾਅਦ ਵਿੱਚ ਫਸਦੇ ਖੁਦ ਹਨ। ਜਿਹੜੇ ਝੂਠੇ ਪ੍ਰਚਾਰ ਕਰਦੇ ਸਨ, ਉਨ੍ਹਾਂ ਦੇ ਮੂੰਹ ‘ਤੇ ਚਪੇੜ ਵੱਜੀ ਹੈ। ਈਡੀ ਮਾਮਲੇ ਵਿੱਚ ਇੱਕ ਵੀ ਗੱਲ ਮੇਰੇ ਖਿਲਾਫ਼ ਨਹੀਂ ਮਿਲੀ। ਜੇ ਇੱਕ ਵੀ ਗੱਲ ਮੇਰੇ ਖਿਲਾਫ਼ ਮਿਲ ਜਾਂਦੀ ਤਾਂ ਦਿੱਲੀ ਵਾਲਿਆਂ ਨੂੰ ਮੈਨੂੰ ਮੇਰੇ ਪੂਰੇ ਪਰਿਵਾਰ ਸਮੇਤ ਪੁੱਠਾ ਟੰਗ ਦੇਣਾ ਸੀ। ਇਹ ਸਾਰੇ ਰਲ ਕੇ ਮੈਨੂੰ ਦੱਬਣਾ ਚਾਹੁੰਦੇ ਹਨ। ਜਿਹਦੇ ਨਾਲ ਲੋਕ ਹੁੰਦੇ ਹਨ, ਉਹ ਕਦੇ ਵੀ ਦੱਬਿਆ ਨਹੀਂ ਜਾ ਸਕਦਾ। ਤੁਸੀਂ ਕੈਪਟਨ, ਬਾਦਲ ਨੂੰ ਵੇਖ ਲਿਆ, ਸਾਨੂੰ ਤਾਂ ਸਿਰਫ਼ 111 ਦਿਨ ਹੀ ਵੇਖਿਆ। ਸਾਨੂੰ ਵੀ ਪੂਰਾ ਵੇਖੋ, ਨਜ਼ਾਰਾ ਹੀ ਲਿਆ ਦਿਆਂਗੇ।