Punjab

ਟਕਰਾਅ ਤੋਂ ਬਚਣ ਲਈ ਖੱਟਰ ਦੀ ਰੈਲੀ ਰੱਦ,ਹੰਸ ਨੂੰ ਵੀ ਕਿਸਾਨਾਂ ਨੇ ਘੇਰਿਆ

‘ਦ ਖ਼ਾਲਸ ਬਿਊਰੋ : ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ’ਚ ਕਸਬੇ ਹਠੂਰ ’ਚ ਰੱਖੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਰੱਦ ਕਰ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਖੱਟਰ ਦਾ ਵਿਰੋਧ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਟਕਰਾਅ ਤੋਂ ਬਚਣ ਲਈ ਇਹ ਰੈਲੀ ਰੱਦ ਕੀਤੀ ਗਈ ਹੈ।

ਕੱਲ ਖੱਟਰ ਦੀ ਰੈਲੀ ਦੀ ਸੂਚਨਾ ਮਿਲਣ ਸਾਰ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਤੇ ਆਹ ਮਤਾ ਪਕਾਇਆ ਕਿ ਕਿਸਾਨ ਵੱਡੀ ਗਿਣਤੀ ’ਚ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਵਿਰੋਧ ਕਰਨਗੇ। ਇਸ ਦਾ ਪਤਾ ਲਗਦਿਆਂ ਹੀ ਭਾਜਪਾ ਵੱਲੋਂ ਇਹ ਰੈਲੀ ਰੱਦ ਕਰ ਦਿਤੀ ਗਈ।  ਜਿਸ ਤੋਂ ਮਗਰੋਂ ਕਿਸਾਨ ਰੈਲੀ ਵਾਲੀ ਥਾਂ ’ਤੇ ਇਕੱਠੇ ਹੋਏ ਅਤੇ ਆਪਣੀ ‘ਜੇਤੂ ਰੈਲੀ’ ਕੀਤੀ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਨੂੰ ਪਿੰਡਾਂ ’ਚ ਦਾਖ਼ਲ ਨਾ ਹੋਣ ਦੇਣ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਜੇਤੂ ਰੈਲੀ ਦੌਰਾਨ ਖੱਟਰ ਦਾ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਗਿਆ।

ਇੱਕ ਪਾਸੇ ਜਿਥੇ ਖੱਟਰ ਦੀ ਰੈਲੀ ਰੱਦ ਹੋਈ,ਉਥੇ ਵਿਧਾਨ ਸਭਾ ਹਲਕਾ ਦੀਨਾਨਗਰ ਇਲਾਕੇ ਵਿੱਚ ਭਾਜਪਾ ਉਮੀਦਵਾਰ ਰੇਣੂ ਕਸ਼ਯਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਹੰਸ ਰਾਜ ਹੰਸ ਅਤੇ ਸੀਨੀਅਰ ਭਾਜਪਾ ਆਗੂਆਂ ਨੂੰ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਵਾਲੀ ਥਾਂ ’ਤੇ ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਕਾਫੀ ਔਖੇ ਹੋ ਕੇ ਹੰਸ ਰਾਜ ਹੰਸ ਅਤੇ ਹੋਰਨਾਂ ਭਾਜਪਾ ਆਗੂਆਂ ਨੂੰ ਮੀਟਿੰਗ ਵਾਲੀ ਥਾਂ ‘ਤੋਂ ਬਾਹਰ ਕੱਢਿਆ।