‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਐੱਸਸੀ ਭਾਈਚਾਰੇ ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਹੈ। ਕੇਜਰੀਵਾਲ ਨੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਭਗਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ, ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲੱਗੇਗੀ। ਕਿਸੇ ਵੀ ਸੀਐੱਮ ਦੀ ਫੋਟੋ ਨਹੀਂ ਲੱਗੇਗੀ। ਪੰਜਾਬ ਵਿੱਚ ਵੀ ਸਾਡੀ ਸਰਕਾਰ ਬਣਨ ‘ਤੇ ਅਸੀਂ ਅਜਿਹਾ ਕਰਾਂਗੇ। ਬਾਬਾ ਸਾਹਿਬ ਦਾ ਸਾਰੇ ਵਰਗਾਂ ਨੂੰ ਬਰਾਬਰ ਦੀ ਸਿੱਖਿਆ ਦੇਣ ਦਾ ਸੁਪਨਾ ਮੈਂ ਪੂਰਾ ਕਰਾਂਗਾ। ਕੇਜਰੀਵਾਲ ਨੇ ਦੋ ਪੰਕਤੀਆਂ ਬੋਲਦਿਆਂ ਕਿਹਾ ਕਿ
“ਬਾਬਾ ਤੇਰਾ ਸੁਪਨਾ ਅਧੂਰਾ
ਕੇਜਰੀਵਾਲ ਕਰੂਗਾ ਪੂਰਾ।”
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ ਵਧੀਆ ਸਕੂਲ ਬਣਾਵਾਂਗੇ ਅਤੇ ਹਰ ਬੱਚੇ ਨੂੰ ਵਧੀਆ ਸਿੱਖਿਆ ਦਿਆਂਗੇ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੀ ਤੁਸੀਂ ਚੰਨੀ ਨੂੰ ਇਸ ਕਰਕੇ ਵੋਟ ਦਿਉਗੇ ਕਿ ਉਹ ਐੱਸਸੀ ਭਾਈਚਾਰੇ ਵਿੱਚੋਂ ਹਨ। ਕੇਜਰੀਵਾਲ ਨੇ ਵਧੀਆ ਹਸਪਤਾਲ ਬਣਾਉਣ ਦਾ ਦਾਅਵਾ ਕਰਦਿਆਂ ਆਪ ਨੂੰ ਵੋਟ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਸੰਕਲਪ ਲੈਂਦਿਆਂ ਕਿਹਾ ਕਿ ਜੇ ਅਸੀਂ ਵਧੀਆ ਕੰਮ ਨਾ ਕੀਤੇ ਤਾਂ ਅਗਲੀ ਵਾਰ ਮੈਂ ਤੁਹਾਡੇ ਤੋਂ ਵੋਟ ਮੰਗਣ ਲਈ ਨਹੀਂ ਆਵਾਂਗਾ। ਕੇਜਰੀਵਾਲ ਨੇ ਇਹ ਅਪੀਲ ਪੰਜਾਬੀ ਭਾਸ਼ਾ ਵਿੱਚ ਕੀਤੀ।