India

ਹਿਜਾਬ ਵਿਵਾਦ : ਸਰਬਉੱਚ ਅਦਾਲਤ ਨੇ ਹਾਲ ਦੀ ਘੜੀ ਸੁਣਵਾਈ ਤੋਂ ਕੀਤਾ ਇਨਕਾਰ

‘ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਨੇ ਹਿਜਾਬ ਵਿਵਾਦ ਨਾਲ ਸਬੰਧਤ ਪਟੀਸ਼ਨਾਂ ਨੂੰ ਕਰਨਾਟਕ ਹਾਈ ਕੋਰਟ ਤੋਂ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ।

ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਰਨਾਟਕ ਹਾਈ ਕੋਰਟ ਨੇ ਅੱਜ ਪਹਿਲੀ ਵਾਰ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ ਅਤੇ ਇਸ ਪੜਾਅ ‘ਤੇ ਉਹ ਦਖ਼ਲ ਨਹੀਂ ਦੇਣਗੇ। ਇਹ ਕਹਿੰਦੇ ਹੋਏ ਅਦਾਲਤ ਨੇ ਇਸ ਮਾਮਲੇ ‘ਤੇ ਕੋਈ ਤਰੀਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਕਰਨਾਟਕ ਹਾਈ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਵੀਰਵਾਰ ਨੂੰ ਦੁਪਹਿਰ 2.30 ਵਜੇ ਕਰਨਾਟਕ ਦੇ ਕਾਲਜਾਂ ‘ਚ ਲੜਕੀਆਂ ਦੇ ਹਿਜਾਬ ਪਹਿਨਣ ‘ਤੇ ਪਾਬੰ ਦੀ ਦੇ ਖਿਲਾਫ ਪਟੀਸ਼ਨ ‘ਤੇ ਸੁਣਵਾਈ ਕਰੇਗੀ।

ਇਸ ਬੈਂਚ ਵਿੱਚ ਇੱਕ ਮੁਸਲਿਮ ਮਹਿਲਾ ਜੱਜ ਨੂੰ ਵੀ ਮੈਂਬਰ ਬਣਾਇਆ ਗਿਆ ਹੈ। ਜਸਟਿਸ ਜੈਬੁਨੀਸਾ ਮੋਹੀਉਦੀਨ ਖਾਜੀ ਇਸ ਬੈਂਚ ਦੇ ਮੈਂਬਰ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਜ਼ਿਲ੍ਹਾ ਜੱਜ ਤੋਂ ਉੱਚ ਅਦਾਲਤ ਦਾ ਜੱਜ ਬਣਾਇਆ ਗਿਆ ਸੀ।

ਇਸ ਬੈਂਚ ਦੀ ਅਗਵਾਈ ਖੁਦ ਚੀਫ਼ ਜਸਟਿਸ ਕਰਨਗੇ।

ਬੈਂਚ ਦੇ ਦੂਜੇ ਮੈਂਬਰ ਜਸਟਿਸ ਕ੍ਰਿਸ਼ਨਾ ਦੀਕਸ਼ਿਤ ਹਨ, ਜਿਨ੍ਹਾਂ ਨੇ ਤਿੰਨ ਦਿਨਾਂ ਤੱਕ ਹਿਜਾਬ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਇਸ ਨੂੰ ਵੱਡੇ ਬੈਂਚ ਕੋਲ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਇਸ ਮਾਮਲੇ ਵਿੱਚ ਸੰਵਿਧਾਨਕ ਸਵਾਲ ਅਤੇ ਨਿੱਜੀ ਕਾਨੂੰਨ ਦੋਵੇਂ ਸ਼ਾਮਲ ਹਨ।