Punjab

ਮਸਾਂ ਜਾਨ ਬਚਾ ਕੇ ਭੱਜਣ ਦਾ ਰਾਗ ਅਲਾਪਣ ਵਾਲੇ ਮੋਦੀ ਮੁੜ ਆਉਣਗੇ ਪੰਜਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਗਠਜੋੜ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ 14 ਫਰਵਰੀ ਨੂੰ ਪੰਜਾਬ ਆਉਣਗੇ। ਪ੍ਰਧਾਨ ਮੰਤਰੀ ਵੱਲੋਂ ਲੰਘੇ ਕੱਲ੍ਹ ਵਰਚੁਅਲ ਰੈਲੀ ਰਾਹੀਂ ਪੰਜਾਬੀਆਂ ਨੂੰ ਸੰਬੋਧਨ ਕੀਤਾ ਗਿਆ ਸੀ। ਅੱਜ ਮੁੜ ਉਨ੍ਹਾਂ ਦਾ ਪੰਜਾਬ ਦੇ ਵੋਟਰਾਂ ਨਾਲ ਸੰਵਾਦ ਰਚਾਉਣ ਲਈ ਵਰਚੁਅਲ ਰੈਲੀ ਰੱਖੀ ਗਈ ਸੀ ਪਰ ਇਹ ਅਚਾਨਕ ਰੱਦ ਕਰ ਦਿੱਤੀ ਗਈ ਹੈ। ਉਹ ਜਲੰਧਰ ਕਿਸੇ ਥਾਂ ਰੈਲੀ ਨੂੰ ਸੰਬੋਧਨ ਕਰਨਗੇ। ਪਰ ਹਾਲੇ ਤੱਕ ਉਨ੍ਹਾਂ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਉਂਝ, ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਕਈ ਦਿੱਗਜਾਂ ਦੇ ਮੌਜੂਦ ਰਹਿਣ ਦੀ ਖ਼ਬਰ ਹੈ।

ਪ੍ਰਧਾਨ ਮੰਤਰੀ ਦੀ ਇਸ ਤੋਂ ਪਹਿਲਾਂ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਰੈਲੀ ਰੱਖੀ ਗਈ ਸੀ ਜਿਹੜੀ ਕਿ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨੀ ਪੈ ਗਈ ਸੀ ਅਤੇ ਉਹ ਬਠਿੰਡਾ ਤੋਂ ਮੋਗਾ ਦੇ ਰਸਤੇ ਵਿੱਚੋਂ ਵਾਪਸ ਪਰਤ ਆਏ ਸਨ। ਉਨ੍ਹਾਂ ਨੇ ਬਠਿੰਡਾ ਹਵਾਈ ਅੱਡੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਲਾਇਆ ਸੁਨੇਹਾ ਕਿ ਆਪਣੇ ਸੀਐੱਮ ਨੂੰ ਕਹਿ ਦਿਉ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਹਾਲੇ ਵੀ ਕਾਫ਼ੀ ਚਰਚਾ ਵਿੱਚ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਤਾਹੀ ਆਪਣੇ ਸਿਰ ਲੈਣ ਦੇ ਦੋਸ਼ਾਂ ਸਾਹਮਣੇ ਹਿੱਕ ਡਾਹ ਕੇ ਖੜ ਗਏ ਹਨ। ਸੁਰੱਖਿਆ ਵਿੱਚ ਉਕਾਈ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਅਤੇ ਉੱਚ ਅਦਾਲਤ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਦੀ ਅਗਲੀ ਫੇਰੀ ਨੂੰ ਲੈ ਕੇ ਪਹਿਲਾਂ ਰੱਦ ਹੋਈ ਰੈਲੀ ਦਾ ਮਾਮਲਾ ਮੁੜ ਦਿਲਚਸਪੀ ਨਾਲ ਚਿੱਥਿਆ ਜਾਣ ਲੱਗਾ ਹੈ। ਉਂਝ, ਇਸ ਵੇਲੇ ਪੰਜਾਬ ਵਿੱਚ ਕੇਅਰਟੇਕਰ ਸਰਕਾਰ ਹੈ। ਇਸ ਵਾਰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰਟੈਕਸ਼ਨ ਗਰੁੱਪ ਅਤੇ ਸਰਕਾਰ ਦੀ ਸਾਂਝੀ ਹੋਵੇਗੀ।