‘ਦ ਖ਼ਾਲਸ ਬਿਊਰੋ : ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਤੋਂ ਬਾਅਦ ਉਨ੍ਹਾਂ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਗਰੀਬ ਘਰ ਦੇ ਵਿਅਕਤੀ ਨੂੰ ਬਹੁਤ ਜਿਆਦਾ ਮਾਣ ਦਿੱਤਾ ਹੈ ਅਤੇ ਇੱਕ ਆਮ ਆਦਮੀ ਨੂੰ ਬਹੁਤ ਵੱਡੇ ਆਹੁਦੇ ‘ਤੇ ਬਿਠਾਇਆ ਹੈ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਫੈਸਲੇ ਦਾ ਮੁੱਲ ਉਹ ਅਤੇ ਪੰਜਾਬ ਦੀ ਜਨਤਾ ਜਰੂਰ ਮੋੜੇਗੀ।
ਇਸਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਕਹਿ ਰਿਹਾ ਸੀ ਕਿ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ। ਚੰਨੀ ਨੇ ਕਿਹਾ ਕਿ ‘ਆਪ’ ਆਗੂ ਪੜ੍ਹਿਆ ਲਿਖਿਆ ਨਹੀਂ ਜਾਂ ਫਿਰ ਉਹ ਸ਼ ਰਾਬ ਦੇ ਨਸ਼ੇ ਵਿੱਚ ਬੋਲ ਰਿਹਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ‘ਆਪਾਂ ਤਾਂ ਘਰ ਫੂਕ ਕੇ ਤਮਾਸ਼ਾਂ ਦੇਖਣ ਵਾਲਾ ਹਾਂ’ ਅਤੇ ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈ। ਇਸਦੇ ਨਾਲ ਹੀ ਉਨਾਂ ਨੇ ਕਿਹਾ ਕਿ ਜੇ ਉਨ੍ਹਾਂ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੁੰਦੀ ਤਾਂ ਉਹ ਇਸ ਨੂੰ ਪੂਰੇ ਪੰਜਾਬ ਵਿੱਚ ਵੰਡ ਦਿੰਦੇ ।