‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵੱਲੋਂ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਈ ਵਿਰੋਧੀ ਪਾਰਟੀਆਂ ਵੱਲੋਂ ਸ਼ਬਦੀ ਹਮ ਲੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ‘ਤੇ ਕਿਹਾ ਕਿ ਪੰਜਾਬ ਦੇ ਲੋਕਾਂ ‘ਤੇ ਚੰਨੀ ਦੇ ਨਾਮ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਕਾਂਗਰਸ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਵੇ, ਹੁਣ ਪੰਜਾਬ ਦੀ ਜਨਤਾ ਉਸਨੂੰ ਵੋਟ ਨਹੀਂ ਦੇਣ ਵਾਲੀ। ਪੰਜਾਬ ਦੀ ਜਨਤਾ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਹਰ ਵਰਗ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ। 20 ਫਰਵਰੀ ਨੂੰ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੇ ‘ਆਪ’ ਦੀ ਸਰਕਾਰ ਬਣਾਉਣ ਲਈ ਝਾੜੂ ਦਾ ਬਟਨ ਦਬਾਉਣ ਦਾ ਫੈਸਲਾ ਕੀਤਾ ਹੈ।
ਚੱਢਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੂੰ ਪੂਰੇ ਪੰਜਾਬ ਦੀ ਤਿੰਨ ਕਰੋੜ ਆਬਾਦੀ ਵਿੱਚੋਂ ਸਿਰਫ਼ ਰੇਤਾ ਚੋਰੀ ਕਰਨ ਵਾਲਾ ਵਿਅਕਤੀ ਹੀ ਮੁੱਖ ਮੰਤਰੀ ਲਈ ਮਿਲਿਆ ਹੈ। ਕਾਂਗਰਸ ਨੇ ਆਪਣਾ ਮੁੱਖ ਮੰਤਰੀ ਚਿਹਰਾ ਇੱਕ ਅਜਿਹੇ ਵਿਅਕਤੀ ਨੂੰ ਬਣਾਇਆ ਹੈ, ਜਿਸ ਨੇ ਰੇਤ ਮਾਫੀਆ ਚਲਾ ਕੇ ਪੰਜਾਬ ਦੀ ਮਿੱਟੀ ਦਾ ਸੌਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇਤਾ ‘ਤੇ ਰੇਤ ਮਾਫੀਆ ਅਤੇ ਟਰਾਂਸਫਰ-ਪੋਸਟਿੰਗ ਘੁਟਾਲੇ ਵਰਗੇ ਗੰਭੀਰ ਦੋਸ਼ ਲੱਗੇ ਹੋਏ ਹਨ, ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਚਿਹਰਾ ਬਣਾ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਸਿਧੇ ਤੌਰ ‘ਤੇ ਧੋਖਾ ਕੀਤਾ ਹੈ।
ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ 111 ਦਿਨ ਵੀ ਬਿਨਾਂ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਨਹੀਂ ਰਹਿ ਸਕਿਆ, ਉਹ ਪੂਰੇ ਪੰਜ ਸਾਲ ਕਿਵੇਂ ਰਹੇਗਾ? ਮੁੱਖ ਮੰਤਰੀ ਚੰਨੀ ਦੇ ਭਤੀਜੇ ਨੇ ਈਡੀ ਸਾਹਮਣੇ ਖੁਦ ਮੰਨਿਆ ਹੈ ਕਿ ਉਨ੍ਹਾਂ ਦੇ ਘਰ ਤੋਂ ਛਾਪੇਮਾਰੀ ਦੌਰਾਨ ਜਿਹੜੇ 10 ਕਰੋੜ ਨਕਦ, 54 ਕਰੋੜ ਦੀ ਜਾਇਦਾਦ ਦੇ ਕਾਗਜ਼ ਮਿਲੇ ਹਨ, ਇਹ ਮੁੱਖ ਮੰਤਰੀ ਦੇ ਖੁਦ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਹੋਏ ਰੇਤ ਮਾਫੀਆ ਅਤੇ ਟਰਾਂਸਫਰ-ਪੋਸਟਿੰਗ ਤੋਂ ਕਮਾਇਆ ਪੈਸਾ ਸੀ। ਅਸੀਂ ਇਸ ਗੱਲ ਦਾ ਮੀਡੀਆ ਸਾਹਮਣੇ ਵੀ ਖੁਲਾਸਾ ਕੀਤਾ ਸੀ।
ਚੱਢਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਕੋਲ ਦੋ ਵਿਕਲਪ ਹਨ। ਇੱਕ ਪਾਸੇ ਬੇਈਮਾਨ ਵਿਅਕਤੀ ਚਰਨਜੀਤ ਸਿੰਘ ਚੰਨੀ , ਜਿਸ ‘ਤੇ ਰੇਤਾ ਚੋਰੀ ਅਤੇ ਟਰਾਂਸਫਰ-ਪੋਸਟਿੰਗ ਸਕੈਮ ਦੇ ਦੋਸ਼ ਲੱਗੇ ਹੋਏ ਹਨ। ਦੂਜੇ ਪਾਸੇ ਕੱਟੜ ਇਮਾਨਦਾਰ ਆਦਮੀ ਭਗਵੰਤ ਮਾਨ ਹੈ, ਜਿਸਨੇ ਕਰੋੜਾਂ ਰੁਪਏ ਕਮਾਉਣ ਵਾਲਾ ਪ੍ਰੋਫੈਸ਼ਨ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕੀਤਾ ਅਤੇ ਲੋਕ ਸਭਾ ਵਿੱਚ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ।
ਚੱਢਾ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਦਲਾਂ ਅਤੇ ਕਾਂਗਰਸ ਨੂੰ 50 ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲਿਆ, ਪਰ ਇਨ੍ਹਾਂ ਨੇ ਸੱਤਾ ਵਿੱਚ ਰਹਿ ਕੇ ਜਨਤਾ ਦਾ ਕੰਮ ਕਰਨ ਦੀ ਬਜਾਏ ਸਿਰਫ਼ ਆਪਣੀਆਂ ਜੇਬਾਂ ਭਰੀਆਂ। ਇਸ ਵਾਰ ਇੱਕ ਮੌਕਾ ਕੱਟੜ ਇਮਾਨਦਾਰ ਨੇਤਾ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦੇਕੇ ਵੇਖੋ। ਪੰਜਾਬ ਨੂੰ ਬਸ ਇੱਕ ਇਮਾਨਦਾਰ ਅਤੇ ਚੰਗੀ ਸੋਚ ਵਾਲੀ ਸਰਕਾਰ ਦੀ ਲੋੜ ਹੈ। ਇਮਾਨਦਾਰ ਸਰਕਾਰ ਹੀ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾ ਸਕਦੀ ਹੈ। ਜੇਕਰ ਇਸ ਵਾਰ ਅਜਿਹੇ ਰੇਤ ਚੋਰ, ਕੇਬਲ ਅਤੇ ਟਰਾਂਸਪੋਰਟ ਮਾਫੀਆ ਦੇ ਹੱਥਾਂ ਵਿੱਚ ਪੰਜਾਬ ਦੀ ਸੱਤਾ ਚਲੀ ਗਈ ਤਾਂ ਕੁਝ ਨਹੀਂ ਬਚੇਗਾ।