Punjab

ਕਾਂਗਰਸ ਨੇ ਚੁਣਿਆ ਸੀਐੱਮ ਚਿਹਰਾ ਚੰਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਨੇ ਅੱਜ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਸੀਐੱਮ ਚਿਹਰੇ ਦਾ ਉਮੀਦਵਾਰ ਐਲਾਨਿਆ ਹੈ। ਚੰਨੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਰਮਾਤਮਾ ਦਾ ਧੰਨਵਾਦ ਕੀਤਾ। ਚੰਨੀ ਨੇ ਕਿਹਾ ਕਿ ਇਹ ਬਹੁਤ ਵੱਡੀ ਲੜਾਈ ਹੈ, ਜੋ ਮੈਂ ਇਕੱਲਾ ਨਹੀਂ ਲੜ ਸਕਦਾ। ਮੁੱਖ ਮੰਤਰੀ ਦੀ ਲੜਾਈ ਲੜਨਾ ਮੈਂ ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਹੀ ਕਰ ਸਕਦਾ ਹਾਂ। ਪੰਜਾਬ ਦੇ ਲੋਕ ਮੇਰੀ ਹਿੰਮਤ ਹਨ। ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਕੰਬਲੀ ‘ਤੇ ਦਾਗ ਨਹੀਂ ਲੱਗਣ ਦੇਵਾਂਗਾ। ਗਲਤ ਪੈਸਾ ਆਪਣੇ ਘਰ ਨਹੀਂ ਆਉਣ ਦੇਵਾਂਗਾ। ਨਵਜੋਤ ਸਿੱਧੂ ਦਾ ਮਾਡਲ ਹੁਣ ਲਾਗੂ ਹੋਵੇਗਾ। ਉਹ ਜੋ ਚਾਹੁਣਗੇ, ਉਹ ਹੁਣ ਹੋਵੇਗਾ।

ਰਾਹੁਲ ਗਾਂਧੀ ਨੇ ਸਟੇਜ ‘ਤੇ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਕਾਰਜ ਕਰਤਾਵਾਂ ਨੇ ਮੈਨੂੰ ਬਹੁਤ ਮੁਸ਼ਕਿਲ ਕੰਮ ਦਿੱਤਾ ਸੀ। ਕਾਂਗਰਸ ਪਾਰਟੀ ਦੇ ਨੇਤਾ ਹੀਰੇ ਹਨ। ਸਾਲ 2004 ਤੋਂ ਮੈਂ ਰਾਜਨੀਤੀ ਵਿੱਚ ਹਾਂ। ਥੋੜਾ ਜਿਹਾ ਤਜਰਬਾ, ਸਮਝ ਰਾਜਨੀਤੀ ਬਾਰੇ ਮੇਰੇ ਵਿੱਚ ਹੈ। ਰਾਜਨੀਤਿਕ ਨੇਤਾ 10-15 ਦਿਨਾਂ ਵਿੱਚ ਪੈਦਾ ਨਹੀਂ ਹੁੰਦਾ। ਕਾਂਗਰਸ ਪਾਰਟੀ ਕੋਲ ਟੀਮ ਹੈ। ਤੁਹਾਨੂੰ ਕਦੇ-ਕਦੇ ਲੱਗਦਾ ਹੋਵੇਗਾ ਕਿ ਕੋਈ ਕਦੇ ਕਦੇ ਜ਼ਿਆਦਾ ਬੋਲ ਜਾਂਦਾ ਹੈ। ਅਸੀਂ ਇੱਕ ਵਿਅਕਤੀ ਦਾ ਰਾਜ ਨਹੀਂ ਚਾਹੁੰਦੇ। ਮੁੱਖ ਮੰਤਰੀ ਦਾ ਫੈਸਲਾ ਪੰਜਾਬ ਦਾ ਫੈਸਲਾ ਹੈ, ਰਾਹੁਲ ਗਾਂਧੀ ਦਾ ਨਹੀਂ ਹੈ। ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਮੈਂ ਨਹੀਂ ਲਿਆ, ਬਲਕਿ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਹੈ। ਪੰਜਾਬ ਨੇ ਜੋ ਕਿਹਾ, ਉਹ ਫੈਸਲਾ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹੈ। ਪੰਜਾਬ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਗਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ। ਫੈਸਲਾ ਲੈਣਾ ਔਖਾ ਸੀ ਪਰ ਤੁਸੀਂ ਆਸਾਨ ਬਣਾ ਦਿੱਤਾ ਹੈ। ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਇਹ ਟੀਮ ਸਾਡੇ ਵਿਜ਼ਨ ਨੂੰ ਪੂਰਾ ਕਰੇਗੀ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਨਵਜੋਤ ਸਿੱਧੂ ਦਾ ਬਹੁਤ ਜ਼ੋਰਦਾਰ ਭਾਸ਼ਣ ਸੁਣ ਕੇ ਹਟੇ ਹਾਂ, ਅੱਜ ਤੁਹਾਡਾ ਹੀ ਦਿਨ ਹੈ, ਤੁਸੀਂ ਹਨੇਰੀ ਲਿਆ ਦਿੱਤੀ ਹੈ। ਸਾਡੇ ਕੋਲ ਇਸ ਤਰ੍ਹਾਂ ਦਾ ਤਕੜਾ ਲੀਡਰ, ਤਕੜੀ ਸੋਚ ਵਾਲਾ ਲੀਡਰ ਹੋਵੇ। ਮੈਂ ਰਾਹੁਲ ਗਾਂਧੀ ਦਾ ਧੰਨਵਾਦੀ ਹਾਂ ਕਿਉਂਕਿ ਮੈਨੂੰ 111 ਦਿਨ ਭਾਵ ਤਿੰਨ ਮਹੀਨੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਅਸੀਂ ਪੂਰੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਦੇ ਉਹ ਮਸਲੇ ਹੱਲ ਕੀਤੇ ਹਨ ਜੋ ਮੈਂ ਆਪ ਗਰੀਬੀ ਵਿੱਚ ਵੇਖੇ ਸਨ। ਤਿੰਨ ਮਹੀਨਿਆਂ ਵਿੱਚ ਲੋਕਾਂ ਨੂੰ ਮਹਿਸੂਸ ਹੋਇਆ ਹੈ ਕਿ ਹਾਂ ਖ਼ਜ਼ਾਨਾ ਸਾਡਾ ਹੈ ਅਤੇ ਸਾਡੇ ਲਈ ਆਉਂਦਾ ਹੈ। ਆਪ ਵਾਲੇ ਹਰ ਗੱਲ ਪਿੱਛੇ ਮੇਰਾ ਨਾਂ ਲਾ ਦਿੰਦੇ ਹਨ ਪਰ ਮੈਂ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇੱਕ ਵੀ ਪੈਸਾ ਹਰਾਮ ਹੋਵੇਗਾ ਮੇਰੇ ਘਰ ਜੇ ਕੋਈ ਗਲਤ ਆਵੇ। ਅੱਜ ਤੋਂ ਬਾਣਦ ਮੇਰੇ ਜਾਂ ਮੇਰੀ ਪਤਨੀ ਦੇ ਨਾਂ ‘ਤੇ ਮੈਂ ਕੋਈ ਪ੍ਰਾਪਰਟੀ ਨਾ ਤਾਂ ਖਰੀਦਾਂਗਾ ਅਤੇ ਨਾ ਹੀ ਕੋਈ ਬਿਜ਼ਨੈੱਸ ਕਰਾਂਗੇ।

ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਨੇ ਮੇਰੇ ‘ਤੇ ਕੋਈ ਦਾਗ ਨਹੀਂ ਹੈ। ਜੇ ਮੈਂ ਗਲਤ ਹੁੰਦਾ ਤਾਂ ਮੈਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹੀ ਮਾਰ ਦੇਣਾ ਸੀ। ਉਹ ਸਾਢੇ ਚਾਰ ਸਾਲ ਮੇਰੇ ਪਿੱਛੇ ਪਿਆ ਰਿਹਾ, ਉਹਨੇ ਮੇਰੀ ਹਰ ਫਾਈਲ ਫਰੋਲ ਕੇ ਵੇਖੀ। ਅਸੀਂ ਰਲ ਕੇ ਉਸਨੂੰ ਲਾਹਿਆ ਸੀ। ਰਾਹੁਲ ਗਾਂਧੀ ਨੂੰ ਅਪੀਲਾਂ ਕਰਕੇ ਉਸਨੂੰ ਲਾਹਿਆ ਹੈ ਕਿ ਇਹ ਪੰਜਾਬ ਦਾ ਬੇੜਾ ਗਰਕ ਕਰ ਰਿਹਾ ਹੈ। ਅੱਜ ਪੰਜਾਬ ਦਾ ਆਉਣ ਵਾਲਾ ਨਕਸ਼ਾ ਕਿਸ ਤਰ੍ਹਾਂ ਦਾ ਹੋਵੇਗਾ, ਉਹ ਤੈਅ ਹੋ ਗਿਆ ਹੈ। ਕੈਪਟਨ ਦੀ ਦੁਕਾਨ ਚਾਰ ਵਜੇ ਬੰਦ ਹੁੰਦੀ ਸੀ, ਅਭੀ ਤੋ ਪਾਰਟੀ ਸ਼ੁਰੂ ਹੋਈ ਹੈ, ਇਸਦੀ ਛੇ ਵਜੇ ਬੰਦ ਹੁੰਦੀ ਹੈ। ਰਾਤ ਨੂੰ ਪਤਾ ਨਹੀਂ ਲੱਗਦਾ, ਇਹ ਕਿੱਥੇ ਹੈ। ਸਟੇਜ ਚਲਾਉਣ ਅਤੇ ਸਟੇਟ ਚਲਾਉਣ ਵਿੱਚ ਬਹੁਤ ਫਰਕ ਹੁੰਦਾ ਹੈ। ਇਨ੍ਹਾਂ ਦੇ ਹੱਥਾਂ ਵਿੱਚ ਪੰਜਾਬ ਦਾ ਕੀ ਬਣੇਗਾ। ਸਿੱਧੂ ਨੇ ਕਦੇ ਸ਼ਰਾਬ ਨਹੀਂ ਪੀਤੀ, ਕੋਈ ਨਸ਼ਾ ਨਹੀਂ ਕੀਤਾ। ਮੈਂ ਵੀ ਕਦੇ ਕੋਈ ਨਸ਼ਾ ਨਹੀਂ ਕੀਤਾ, ਸ਼ਰਾਬ ਨਹੀਂ ਪੀਤੀ।

ਨਵਜੋਤ ਸਿੰਘ ਸਿੱਧੂ ਨੇ ਇੱਕ ਸ਼ਾਇਰੀ ਦੇ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਸਿੱਧੂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦਾ ਅਹੁਦੇਦਾਰ ਐਲਾਨਣ ਦੀ ਘੜੀ ਹੈ। ਕਾਂਗਰਸ ਦਾ ਕਲਿਆਣ ਚਾਹੀਦਾ ਹੈ। ਪੰਜਾਬ ਦਾ ਕਲਿਆਣ ਕਾਂਗਰਸ ਦੇ ਰਾਹੀਂ ਜਾਂਦਾ ਹੈ। ਇਸ ਵਾਰ ਅਸੀਂ ਹੀਰੇ ਤਰਾਸ਼ਣੇ ਹਨ, ਪੱਥਰਾਂ ਪਿੱਛੇ ਸਮਾਂ ਖਰਾਬ ਨਹੀਂ ਕਰਨਾ। 17 ਸਾਲ ਇਸ ਗੱਲ ਦਾ ਪ੍ਰਮਾਣ ਹੈ ਕਿ ਨਵਜੋਤ ਸਿੱਧੂ ਪੰਜਾਬ ਦੇ ਲੋਕਾਂ ਦੇ ਜੀਵਨ ਦੀ ਬਿਹਤਰੀ ਵਾਸਤੇ ਜੀਵਿਆ ਹੈ। ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਵਾਰ-ਵਾਰ ਠੋਕੋ ਤਾਲੀ ਕਿਹਾ ਭਾਵ ਲੋਕਾਂ ਨੂੰ ਕਹਾ-ਕਹਾ ਕੇ ਤਾਲੀਆਂ ਵਜਵਾਈਆਂ।

ਇੱਕੋ ਮੁੱਦਾ ਹੈ ਪੰਜਾਬ ਨੂੰ ਕਰਜ਼ੇ ਤੋਂ ਕੱਢਣਾ। ਪਰ ਇਸਨੂੰ ਕਿਸ ਤਰ੍ਹਾਂ ਕੱਢਣਾ, ਇਸ ਲ਼ਈ ਰੋਡਮੈਪ ਲਾਗੂ ਕਰਨਾ ਪਵੇਗਾ ਅਤੇ ਇਹ ਰੋਡਮੈਪ ਰਾਹੁਲ ਗਾਂਧੀ ਨੇ ਪਿਛਲੀ ਵਾਰ ਦਿੱਤਾ ਸੀ। ਪੰਚਾਇਤਾਂ, ਮਿਊਂਸੀਪਲਾਂ ਨੂੰ ਪੂਰੀ ਤਾਕਤ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਵੱਡਾ ਬਾਦਲ ਸਭ ਦਾ ਬਾਪ ਹੈ, 10 ਫ਼ੀਸਦੀ ਸੇਵਾ ਤੇ 90 ਫ਼ੀਸਦੀ ਮੇਵਾ। 170 ਸਰਵਿਸਜ਼ ਮੁਫ਼ਤ ਦੇਵਾਂਗੇ। ਇਨ੍ਹਾਂ ਨੇ ਰੇਤ ਖਾਧੀ ਹੈ ਪਰ ਅਸੀਂ ਗਰੀਬ ਨੂੰ ਇੱਕ ਹਜ਼ਾਰ ਰੁਪਏ ਰੇਤ ਦੀ ਟਰਾਲੀ ਦੇਵਾਂਗੇ। ਪੰਜਾਬ ਵਿੱਚੋਂ ਨਸ਼ਾ ਮਾਫੀਆ ਮਿਟੇਗਾ ਜਾਂ ਫਿਰ ਨਵਜੋਤ ਸਿੱਧੂ ਮਿਟੇਗਾ। ਨਵਜੋਤ ਸਿੱਧੂ ਪੰਜਾਬ ਦਾ ਆਸ਼ਿਕ ਹੈ।

ਪੰਜਾਬ ਵਿੱਚ ਨਵੀਆਂ ਨੀਹਾਂ ਪਾਉਣ ਦੀ ਗੱਲ਼ ਹੈ ਅਤੇ ਉਸ ਨਵੀਂ ਨੀਂਹ ਦਾ ਪਹਿਲਾ ਪੱਥਰ ਨਵਜੋਤ ਸਿੱਧੂ ਨੂੰ ਬਣਾ ਕੇ ਰੱਖਿਓ, ਸਿੱਧੂ ਨੀਂਹ ਬਣ ਕੇ ਵੀ ਰਾਜੀ ਹੈ। ਅਸੀਂ ਵੋਟਾਂ ਮੰਗਣ ਨਹੀਂ ਆਏ, ਸਾਨੂੰ ਆਪਣਾ ਬਣਾ ਕੇ ਰੱਖੋ। ਕਿਸੇ ਐੱਮਐੱਲਏ ਨੂੰ ਨਹੀਂ ਵਰਕਰ ਨੂੰ ਚੇਅਰਮੈਨੀ ਮਿਲੇਗੀ। ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸਿੱਧੂ ਸ਼ੇਰ ਮਾਰਨਾ। ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ, ਮੈਂ ਇਹ ਫਾਸਲਾ ਮਿਟਾ ਕੇ ਛੱਡਾਂਗਾ। ਮੇਰੇ ਇਸ਼ਕ ਨੇ ਪੰਜਾਬ ਤੋਂ ਨਾ ਵੋਟਾਂ ਮੰਗੀਆਂ ਨਾ ਅਹੁਦੇ, ਮੈਂ ਸਿਰਫ਼ ਪੰਜਾਬ ਦੀ ਭਲਾਈ ਮੰਗੀ ਹੈ। ਇਸ ਲਈ ਸਿੱਧੂ ਨੂੰ ਦਰਸ਼ਨੀ ਘੋੜਾ ਨਾ ਬਣਾ ਕੇ ਰੱਖਿਓ, ਮੈਂ ਸੇਵਾ ਕਰਾਂਗੇ ਪਰ ਇਸ ਵਾਰ ਮੈਂ ਦਰਸ਼ਨੀ ਘੋੜਾ ਨਹੀਂ ਬਣਾਂਗਾ। ਮੈਨੂੰ ਰਾਹੁਲ ਗਾਂਧੀ ਦਾ ਫੈਸਲਾ ਪਹਿਲਾਂ ਹੀ ਮਨਜ਼ੂਰ ਹੈ।

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਤਿੰਨ ਗੱਲਾਂ ਕਰਾਂਗਾ। ਜਿਹੜੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀਆਂ ਸਨ, ਉਨ੍ਹਾਂ ਦਾ ਪਰਦਾ ਬੇਨਕਾਬ ਹੋ ਗਿਆ ਹੈ। 700 ਕਿਸਾਨਾਂ ਦੇ ਬਲੀਦਾਨ ਤੋਂ ਬਾਅਦ ਵੀ ਜੇ ਪੰਜਾਬ ਦੇ ਲੋਕ ਇਹ ਗੱਲ਼ ਨਾ ਸਮਝੇ ਕਿ ਇਹ ਤਿੰਨੇ ਪਾਰਟੀਆਂ ਆਪ, ਅਕਾਲੀ ਦਲ ਅਤੇ ਬੀਜੇਪੀ ਇੱਕੋ ਹੀ ਥੈਲੀ ਦੇ ਚੱਟੇ-ਬੱਟੇ ਹਨ ਤਾਂ ਮੈਂ ਸਮਝਦਾ ਹਾਂ ਕਿ 700 ਕਿਸਾਨਾਂ ਦਾ ਬਲੀਦਾਨ ਵਿਅਰਥ ਗਿਆ ਹੈ।

ਮੈਂ ਸੰਯੁਕਤ ਕਿਸਾਨ ਮੋਰਚਾ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਮੋਰਚੇ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਹੈ ਪਰ ਜਦੋਂ ਭੀੜ ਪੈਂਦੀ ਹੈ ਤਾਂ ਜ਼ੁਲਮ ਸਹਿਣ ਵਾਲੇ ਵੀ ਓਨੇ ਹੀ ਦੋਸ਼ੀ ਹਨ ਜਿੰਨਾ ਜ਼ੁਲਮ ਕਰਨ ਵਾਲਾ। ਜੇ ਤੁਸੀਂ ਅੱਜ ਉਨ੍ਹਾਂ ਦੀ ਅਸਿੱਧੇ ਤੌਰ ‘ਤੇ ਮਦਦ ਕਰਦੇ ਹੋ, ਜੇ ਤੁਹਾਡੇ ਕਰਕੇ ਆਪ, ਅਕਾਲੀ ਦਲ, ਬੀਜੇਪੀ ਨੂੰ ਵੋਟ ਪੈਂਦੀ ਹੈ ਤਾਂ ਉਨ੍ਹਾਂ 700 ਕਿਸਾਨਾਂ ਨੇ ਸਾਨੂੰ ਕਦੇ ਮੁਆਫ਼ ਨਹੀਂ ਕਰਨਾ। ਜਾਖੜ ਨੇ ਲਖੀਮਪੁਰ ਖੀਰੀ ਘਟਨਾ ਵੀ ਲੋਕਾਂ, ਕਿਸਾਨਾਂ ਨੂੰ ਯਾਦ ਕਰਾਈ। ਜਾਖੜ ਨੇ ਕਿਹਾ ਕਿ ਫੌਜਾਂ ਭਾਵੇਂ ਕੋਈ ਵੀ ਹੋਵੇ, ਜਰਨੈਲ ਤੋਂ ਬਿਨਾਂ ਨਹੀਂ ਲੜੀਆਂ ਜਾਂਦੀਆਂ। ਸਾਡੇ ਜਰਨੈਲ ਰਾਹੁਲ ਗਾਂਧੀ ਹਨ।