India Punjab

ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਖੋਲ੍ਹੇ ਸੰਗਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਚੋਣ ਕਮਿਸ਼ਨ ਨੇ ਜਾਰੀ ਕੀਤੇ ਤਾਜ਼ਾ ਹੁਕਮਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ ਅਤੇ ਵਾਹਨ ਰੈਲੀਆਂ ‘ਤੇ ਲਗਾਈ ਪਾਬੰਦੀ ਨੂੰ ਵਧਾ ਦਿੱਤਾ ਹੈ ਪਰ ਖੁੱਲ੍ਹੀਆਂ ਮੀਟਿੰਗਾਂ, ਬੰਦ ਇਮਾਰਤਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ‘ਤੇ ਲੱਗੀਆਂ ਪਾਬੰਦੀਆਂ ਵਿੱਚ ਹੋਰ ਢਿੱਲ ਦੇ ਦਿੱਤੀ ਹੈ।

ਆਊਟਡੋਰ ਮੀਟਿੰਗ/ਇਨਡੋਰ ਮੀਟਿੰਗ/ਰੈਲੀ ਦੇ ਸਬੰਧ ਵਿੱਚ ਪਾਬੰਦੀਆਂ ਵਿੱਚ ਢਿੱਲ ਇਸ ਸ਼ਰਤ ਉੱਤੇ ਦਿੱਤੀ ਜਾਵੇਗੀ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਇਨਡੋਰ ਹਾਲ ਦੀ ਸਮਰੱਥਾ ਦੇ 50 ਫੀਸਦੀ ਅਤੇ ਖੁੱਲ੍ਹੇ ਮੈਦਾਨ ਦੇ 30 ਫੀਸਦੀ ਤੱਕ ਸੀਮਤ ਹੋਵੇਗੀ। ਓਪਨ ਗਰਾਊਂਡ ਰੈਲੀਆਂ ਕੇਵਲ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਐਲਾਨੇ ਮੈਦਾਨਾਂ ਵਿੱਚ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਐੱਸਡੀਐੱਮਏ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਇਸ ਮੈਦਾਨ ਦੀ ਵੰਡ ਜ਼ਿਲ੍ਹਾ ਪ੍ਰਸ਼ਾਸਨ ਈ ਸੁਵਿਧਾ ਪੋਰਟਲ ਦੇ ਰਾਹੀਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਉੱਤੇ ਬਰਾਬਰ ਤੌਰ ਉੱਤੇ ਕਰੇਗਾ। ਇਨ੍ਹਾਂ ਮੈਦਾਨਾਂ ਦੀ ਸਮਰੱਥਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਫੀ ਪਹਿਲਾਂ ਤੋਂ ਤੈਅ ਕੀਤੀ ਜਾਵੇਗੀ ਅਤੇ ਸਾਰੇ ਪੱਖਾਂ ਨੂੰ ਇਸਦੀ ਸੂਚਨਾ ਦਿੱਤੀ ਜਾਵੇਗੀ। ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।