‘ਦ ਖ਼ਾਲਸ ਬਿਊਰੋ : ਪਰਜਾਪਤੀ ਸਮਾਜ ਪੰਜਾਬ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਪਰਜਾਪਤੀ ਸਮਾਜ ਨੇ ਇੱਕ ਮੀਟਿੰਗ ਕਰਕੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਸਥਾਨਿਕ ਇਕਾਈ ਖੁੱਲ ਕੇ ਨਿਤਰ ਆਈ ਹੈ। ਪਰਜਾਪਤੀ ਸਮਾਜ ਦੇ ਕੌਮੀ ਆਗੂ ਰਘਵੀਰ ਸਿੰਘ ਰਾਜਾਸਾਂਸੀ ਨੇ ਇਹ ਜਾਣਕਾਰੀ ਇਸ ਮੌਕੇ ਦਿੱਤੀ ਹੈ।
ਪਰਜਾਪਤੀ ਸਮਾਜ ਦੇ ਆਗੂ ਮਨਜੀਤ ਸਿੰਘ ਵੇਰਕਾ ਅਤੇ ਰਿਸ਼ੀਰਾਜ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਉਨ੍ਹਾਂ ਨੇ ਸਿੱਧੂ ਉੱਤੇ ਰਾਂਖਵੇਂ ਵਰਗ ਨਾਲ ਨਫਰਤ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਮੌਕੇ ਮਜੀਠੀਆ ਨੇ ਸਿੱਧੂ ‘ਤੇ ਤਕੜੇ ਨਿਸ਼ਾਨੇ ਲਾਏ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਅੱਖ ਰੱਖਣ ਵਾਲੇ ਸਿੱਧੂ ਨੂੰ ਲੋਕਾਂ ਨੇ ਵਿਧਾਨ ਸਭਾ ਸੀਟ ਤੋਂ ਹਰਾਉਣ ਦਾ ਮਨ ਬਣਾ ਲਿਆ ਹੈ।