Punjab

ਸਾਡੀ ਰੀਸੇ ਕਾਂਗਰਸ ਵੀ ਮੰਗ ਰਹੀ ਹੈ ਸੀਐੱਮ ਚਿਹਰੇ ਲਈ ਲੋਕਾਂ ਤੋਂ ਰਾਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਰਾਜਨੀਤੀ ਸਿਖਾਉਣ ਦਾ ਦਾਅਵਾ ਕੀਤਾ ਸੀ। ਇਹ ਹੁਣ ਮੁੱਖ ਮੰਤਰੀ ਦੇ ਚਿਹਰੇ ਦੀ ਰਾਏ ਲੈਣ ਲਈ ਲੋਕਾਂ ਨੂੰ ਫੋਨ ਕਰਨ ਲੱਗ ਪਏ ਨੇ। ਇਹ ਹੁਣ ਵੇਰਵਿਆਂ ਦਾ ਸੱਚ ਜਾਣਨ ਲਈ ਕਿਹੜੀ ਏਜੰਸੀ ਤੋਂ ਜਾਂਚ ਕਰਵਾਏਗੀ। ਕਾਂਗਰਸ ਵੀ ਸਾਡੀ ਰੀਸ ਨਾਲ ਹੁਣ ਆਪਣੇ ਸੀਐਮ ਚਿਹਰੇ ਲਈ ਲੋਕਾਂ ਤੋਂ ਰਾਇ ਮੰਗ ਰਹੀ ਹੈ। ਇਨ੍ਹਾਂ ਨੇ ਲੋਕਾਂ ਦੀ ਰਾਏ ਜਨਤਕ ਕਰਨ ਲਈ ਛੇ ਫਰਵਰੀ ਦੀ ਤਰੀਕ ਤੈਅ ਇਸ ਲਈ ਕੀਤੀ ਹੈ ਕਿਉਂਕਿ ਪੰਜ ਫਰਵਰੀ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ। ਇਨ੍ਹਾਂ ਨੂੰ ਇਹ ਡਰ ਹੈ ਕਿ ਕਿਤੇ ਕਾਂਗਰਸੀ ਵੱਡੇ ਪੱਧਰ ‘ਤੇ ਕਾਗਜ਼ ਵਾਪਸ ਨਾ ਲੈ ਲੈਣ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ ਕਿਉਂਕਿ ਉਹ ਡਰੇ ਹੋਏ ਹਨ ਅਤੇ ਉਹ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਨੂੰ ਵੀ ਆਪਣਾ CM ਚਿਹਰਾ ਬਣਾਵੇ, ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਨਹੀਂ ਆਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਰਨ ਤੋਂ ਬਾਅਦ ਚੰਨੀ ਨੇ ਚਮਕੌਰ ਸਾਹਿਬ ਤੋਂ ਇਲਾਵਾ ਸੰਗਰੂਰ ਦੀ ਭਦੌੜ ਸੀਟ ਤੋਂ ਵੀ ਚੋਣ ਲੜਨ ਦਾ ਐਲਾਨ ਕੀਤਾ। ਇਸ ਨੂੰ ਚੰਨੀ ਵੱਲੋਂ ਸੰਗਰੂਰ ‘ਤੇ ਮਾਨ ਦੀ ਪਕੜ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।