India Punjab

ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਬੇਅਦਬੀ ਕਰਨ ‘ਤੇ ਜਾਰੀ ਹੋਇਆ ਨੋਟਿਸ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਖ਼ਿਲਾਫ਼ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਸਦਨ ਦੀ ਬੇਅਦਬੀ ਕਰਨ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਕੱਲ੍ਹ ਲੋਕ ਸਭਾ ਵਿੱਚ ਆਪਣੇ ਬਿਆਨ ਨਾਲ ਲੋਕਾਂ ਨੂੰ ਭੜਕਾਇਆ ਹੈ। ਦੂਬੇ ਨੇ ਲੋਕ ਸਭਾ ਸਪੀਕਰ ਨੂੰ ਰਾਹੁਲ ਗਾਂਧੀ ਦੇ ਖ਼ਿਲਾਫ਼ ਨੋਟਿਸ ਦਿੱਤਾ ਹੈ।

ਨਿਸ਼ੀਕਾਂਤ ਦੂਬੇ ਨੇ ਟਵੀਟ ਕਰਕੇ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਮਾਨਸਿਕਤਾ ਜਿਨਾਹ ਦੇ ਦੋ-ਰਾਸ਼ਟਰ ਦੇ ਸਿਧਾਂਤ ਦੀ ਹੈ। ਕੱਲ੍ਹ ਲੋਕ ਸਭਾ ਵਿੱਚ ਉਨ੍ਹਾਂ ਦਾ ਭਾਸ਼ਣ ਦੇਸ਼ ਨੂੰ ਟੁਕੜਿਆਂ ਵਿੱਚ ਵੰਡਣ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਵੀ ਕੀਤਾ ਸੀ ਕਿ ਭਾਰਤ ਵਿੱਚ ਰਾਜ ਦੀ ਸੀਮਾ ਸੰਸਦ ਦੁਆਰਾ ਤੈਅ ਕੀਤੀ ਜਾਂਦੀ ਹੈ, ਵਿਧਾਨ ਸਭਾ ਨੂੰ ਰਾਜ ਦੀ ਸੀਮਾ ਨਿਰਧਾਰਤ ਕਰਨ ਦਾ ਅਧਿਕਾਰ ਨਹੀਂ ਹੈ। ਇਹ ਅਮਰੀਕਾ ਨਹੀਂ, ਭਾਰਤ ਹੈ, ਜਿਸ ਵਿੱਚ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਨਵੇਂ ਮਿਲੇ ਖੇਤਰਾਂ ਨੂੰ ਮਿਲਾ ਕੇ ਦੇਸ਼ ਬਣਾਇਆ ਗਿਆ ਹੈ।

ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਕਿਹਾ ਸੀ ਕਿ ਦੋ ਭਾਰਤ ਹਨ। ਇੱਕ ਬੇਹੱਦ ਅਮੀਰ ਲੋਕਾਂ ਦਾ, ਜਿਨ੍ਹਾਂ ਕੋਲ ਬੇਅੰਤ ਦੌਲਤ, ਤਾਕਤ ਹੈ, ਜਿਨ੍ਹਾਂ ਨੂੰ ਨੌਕਰੀ ਨਹੀਂ ਚਾਹੀਦੀ, ਬਿਜਲੀ ਜਾਂ ਪਾਣੀ ਦਾ ਕੁਨੈਕਸ਼ਨ ਨਹੀਂ ਚਾਹੀਦਾ ਪਰ ਇਹ ਲੋਕ ਇਸ ਦੇਸ਼ ਨੂੰ ਕੰਟੋਰੋਲ ਕਰਦੇ ਹਨ ਅਤੇ ਦੂਜਾ ਭਾਰਤ ਗਰੀਬਾਂ ਦਾ ਹੈ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ, “ਦੇਸ਼ ਦੇ 100 ਲੋਕਾਂ ਕੋਲ ਦੇਸ਼ ਦੀ 55 ਫ਼ੀਸਦੀ ਦੌਲਤ ਹੈ। ਜਦੋਂ ਕਿ 10 ਲੋਕਾਂ ਕੋਲ 40 ਫ਼ੀਸਦੀ ਦੌਲਤ ਹੈ। ਇਹ ਕਿਵੇਂ ਹੋ ਗਿਆ? ਇਹ ਤੁਸੀਂ ਕੀਤਾ ਹੈ। ਜਿਹੜੇ ਦੋ ਹਿੰਦੁਸਤਾਨ ਬਣ ਰਹੇ ਹਨ, ਉਸਨੂੰ ਸਰਕਾਰ ਜੋੜਨਾ ਸ਼ੁਰੂ ਕਰੇ। ਗਰੀਬ ਹਿੰਦੁਸਤਾਨ ਹੁਣ ਚੁੱਪ ਨਹੀਂ ਬੈਠੇਗਾ। ਰਾਹੁਲ ਗਾਂਧੀ ਨੇ ਦੇਸ਼ ਦੇ ਸੰਘੀ ਢਾਂਚੇ ‘ਤੇ ਵੀ ਬੋਲਦਿਆਂ ਕਿਹਾ ਕਿ ਕੇਂਦਰ ਅਤੇ ਸੂਬੇ ਦੇ ਵਿਚਕਾਰ ਰਿਸ਼ਤਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਸੋਚਦੀ ਹੈ ਕਿ ਉਹ ਸੂਬਿਆਂ ਨੂੰ ਦਬ ਸਕਦr ਹੈ, ਸਰਕਾਰ ਨੂੰ ਇਤਿਹਾਸ ਦਾ ਕੋਈ ਗਿਆਨ ਨਹੀਂ ਹੈ।