‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਚਾਹੇ ਚਰਨਜੀਤ ਸਿੰਘ ਚੰਨੀ ਦੇ ਸਿਰ ‘ਤੇ ਸਜ ਗਿਆ ਸੀ ਪਰ ਕਾਂਗਰਸ ਹਾਈ ਕਮਾਂਡ ਦੀ ਚੋਣ ਖੇਡ ਵਿੱਚ ਚਰਨਜੀਤ ਸਿੰਘ ਚੰਨੀ ਫਾਡੀ ਰਹੇ ਸਨ। ਹੁਣ ਤਾਂ ਇਹ ਚਰਚਾ ਹੋਰ ਵੀ ਜਚਣ ਲੱਗ ਪਈ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਹਾਈ ਕਮਾਂਡ ਜਾਂ ਕਾਂਗਰਸ ਦੀ ਪਹਿਲੀ ਪਸੰਦ ਹੋਣ ਕਰਕੇ ਨਹੀਂ ਸਗੋਂ ਸੱਚ ਮੁੱਚ ਹੀ ਦਲਿਤ ਪੱਤਾ ਖੇਡਿਆ ਗਿਆ ਹੈ। ਚੰਨੀ ਚਾਹੇ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਸੁਸ਼ੋਭਿਤ ਹਨ ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਢਿੱਡ ਤੋਂ ਝੱਗਾ ਚੁੱਕ ਦਿੱਤਾ ਹੈ।
ਉਨ੍ਹਾਂ ਨੇ ਇੱਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਅਗਲੇ ਮੁੱਖ ਮੰਤਰੀ ਲਈ ਉਨ੍ਹਾਂ ਦੇ ਨਾਮ ‘ਤੇ ਵੀ ਵਿਚਾਰ ਕੀਤਾ ਗਿਆ ਸੀ। ਉਨ੍ਹਾਂ ਨੇ ਅੰਦਰਲੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਅਗਲਾ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਹਾਈ ਕਮਾਂਡ ਵੱਲੋਂ 79 ਵਿਧਾਇਕਾਂ ਤੋਂ ਫ਼ੋਨ ‘ਤੇ ਰਾਇ ਮੰਗੀ ਗਈ ਸੀ। ਜਿਸ ਵਿੱਚ ਚੰਨੀ ਫਾਡੀ ਰਹੇ ।
ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਉਨਾਂ ਦੇ ਹੱਕ ਵਿੱਚ 42 ਵਿਧਾਇਕਾ ਨੇ ਵੋਟਾਂ ਪਾਈਆਂ ਸਨ। ਜਦੋਂ ਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਘੱਟ 2 ਵੋਟਾਂ ਲੈ ਕੇ ਫਾਡੀ ਰਹੇ। ਸੁਖਜਿੰਦਰ ਸਿੰਘ ਰੰਧਾਵਾ ਨੂੰ 16 ਵੋਟਾਂ, ਮਹਾਰਾਣੀ ਪ੍ਰਨੀਤ ਕੌਰ ਨੂੰ 12 ਵੋਟਾਂ, ਅਤੇ ਨਵਜੋਤ ਸਿੰਘ ਸਿੱਧੂ ਨੂੰ 6 ਵੋਟਾਂ ਪਈਆਂ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਸੀ। ਇਸਦੇ ਨਾਲ ਹੀ ਇਹ ਗੱਲ ਵੀ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਕਿ ਜਦੋਂ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਅਤੇ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਤਾਂ ਕਾਂਗਰਸ ਨੂੰ ਇਹ ਅੱਕ ਚੱਬਣਾ ਪਿਆ।