Punjab

ਪੰਜਾਬ ‘ਚ ਵਿੱਦਿਅਕ ਅਦਾਰੇ ਰਹਿਣਗੇ 8 ਫਰਵਰੀ ਤੱਕ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਵਿੱਦਿਅਕ ਸੰਸਥਾਵਾਂ ਅੱਠ ਫਰਵਰੀ ਤੱਕ ਬੰਦ ਰੱਖਣ ਦੇ ਲਈ ਕਹਿ ਦਿੱਤਾ ਹੈ। ਮੈਡੀਕਲ ਅਤੇ ਨਰਸਿੰਗ ਕਾਲਜ ਸਰਕਾਰ ਦੇ ਇਸ ਫੈਸਲੇ ਤੋਂ ਬਾਹਰ ਰੱਖੇ ਗਏ ਹਨ ਪਰ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਅੱਠ ਫਰਵਰੀ ਤੱਕ ਫਿਜ਼ੀਕਲ ਕਲਾਸਾਂ ਸ਼ੁਰੂ ਕਰਨ ਤੋਂ ਵਰਜਿਆ ਗਿਆ ਹੈ। ਨਵੀਆਂ ਹਦਾਇਤਾਂ ਵਿੱਚ ਬੰਦ ਹਾਲਾਂ ਵਿੱਚ 500 ਤੱਕ ਅਤੇ ਖੁੱਲ੍ਹੇਆਮ ਹਜ਼ਾਰ ਤੱਕ ਲੋਕਾਂ ਦੇ ਇਕੱਠੇ ਹੋਣ ਦੀ ਇਜ਼ਾਜਤ ਦਿੱਤੀ ਗਈ ਹੈ। ਬਗੈਰ ਮਾਸਕ ਤੋਂ ਸਰਕਾਰੀ ਦਫ਼ਤਰਾਂ ਵਿੱਚ ਦਾਖਲਾ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੇ ਸਰਕਾਰੀ ਮੁਲਾਜ਼ਮ ਕੰਮ ਕਰਨਗੇ।

ਸਰਕਾਰ ਦੇ ਨਵੇਂ ਫੈਸਲੇ ਵਿੱਚ ਰਾਤ ਦਾ ਕਰਫ਼ਿਊ ਰਾਤ 10 ਤੋਂ ਤੜਕੇ ਪੰਜ ਵਜੇ ਤੱਕ ਜਾਰੀ ਰੱਖਿਆ ਗਿਆ ਹੈ। ਨਾਲ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਧਾਰਾ 144 ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਛੇ ਫੁੱਟ ਦੀ ਸਮਾਜਿਕ ਦੂਰੀ ਬਰਕਰਾਰ ਰੱਖੀ ਗਈ ਹੈ। ਰੈਸਟੋਰੈਂਟ, ਬਾਰ ਅਤੇ ਜਿਮ 50 ਫ਼ੀਸਦੀ ਨਾਲ ਖੋਲ੍ਹੇ ਰੱਖਣ ਦੇ ਹੁਕਮਾਂ ਦੀ ਪਾਲਣਾ ਸਖਤੀ ਨਾਲ ਕਰਨ ਦਾ ਫੈਸਲਾ ਦੁਹਰਾਇਆ ਗਿਆ ਹੈ। ਪੰਜਾਬ ਵਿੱਚ ਦਾਖਲ ਹੋਣ ਲਈ ਟੀਕਾਕਰਨ ਜਾਂ 72 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ।