‘ਦ ਖਾਲਸ ਬਿਊਰੋ:- ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਕੋਵਿਡ-19 ਦੇ ਇੱਕ ਜੂਨ ਤੋਂ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਰਿਆਇਤਾਂ ‘ਚ ਜਲਦ ਬਦਲਾਵ ਕਰ ਸਕਦੀ ਹੈ। 1 ਜੂਨ ਤੋਂ ਜਦੋਂ ਸਰਕਾਰ ਨੇ ਅਨਲਾਕ-1 ਦੀਆਂ ਰਿਆਇਤਾਂ ਦਿੱਤੀਆਂ ਉਦੋਂ ਤੋਂ ਦਿੱਲੀ ਵਿੱਚ ਕੇਸ ਲਗਾਤਾਰ ਵਧ ਰਹੇ ਹਨ। ਸੈਂਟਰ ਸਰਕਾਰ ਨੂੰ ਕਈ ਸੂਬਾ ਸਰਕਾਰਾਂ ਵੱਲੋਂ ਇਹ ਖ਼ਬਰ ਮਿਲ ਰਹੀ ਹੈ ਕਿ ਬਹੁਤ ਸਾਰੇ ਲੋਕ ਸਮਾਜਿਕ ਦੂਰੀ ਅਤੇ ਹੋਰ ਜ਼ਰੂਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਪੂਰੇ ਮੁਲਕ ਵਿੱਚ ਭਾਵੇਂ ਮੌਤ ਦੀ ਗਿਣਤੀ ਅੱਗੇ ਨਾਲੋਂ ਘੱਟ ਗਈ ਹੈ ਪਰ ਦਿੱਲੀ ਅਤੇ ਮੁੰਬਈ ਵਿੱਚ ਸਥਿਤੀ ਹਾਲੇ ਵੀ ਬਹੁਤ ਖ਼ਰਾਬ ਹੈ।
ਕੁਝ ਸੂਬਾ ਸਰਕਾਰਾਂ ਨੇ ਸੈਂਟਰ ਸਰਕਾਰ ਨੂੰ ਸਖਤ ਹਦਾਇਤਾਂ ਜਾਰੀ ਕਰਨ ਲਈ ਵੀ ਮੰਗ ਕੀਤੀ ਹੈ ਤਾਂ ਜੋ ਇਨਫੈਕਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਅਨੁਮਾਨ ਹੈ ਕਿ ਸਰਕਾਰ ਜਲਦੀ ਹੀ ਦਿੱਤੀ ਗਈ ਢਿੱਲ ਬਾਰੇ ਕੋਈ ਬਦਲਾਅ ਕਰ ਸਕਦੀ ਹੈ।
ਭਾਰਤ ਇਸ ਵਕਤ ਇਟਲੀ ਅਤੇ ਸਪੇਨ ਨੂੰ ਵੀ ਪਿੱਛੇ ਛੱਡ ਕੇ ਵਿਸ਼ਵ ਵਿਚ ਕੋਵਿਡ-19 ਨਾਲ ਇੰਫੈਕਟੇਡ ਦੇਸ਼ਾਂ ਦੀ ਸੂਚੀ ਵਿੱਚ ਪੰਜਵੇਂ ਥਾਂ ‘ਤੇ ਪਹੁੰਚ ਚੁੱਕਾ ਹੈ। ਇਹ ਸਥਾਨ ਭਾਰਤ ਨੇ ਸ਼ੁੱਕਰਵਾਰ ਨੂੰ ਕੋਵਿਡ-19 ਵਿਚ ਰਿਕਾਰਡ ਜੰਪ 9971 ਕੇਸਾਂ ਤੋਂ ਬਾਅਦ ਹਾਸਿਲ ਕੀਤਾ। ਹੁਣ ਭਾਰਤ ਵਿਚ ਕੁੱਲ 2,46,628 ਕੇਸ ਦਰਜ ਹੋ ਚੁੱਕੇ ਹਨ।