Punjab

ਚੰਨੀ ਨੂੰ ਦੋ ਹਲਕਿਆਂ ਤੋਂ ਕਿਉਂ ਮਿਲੀਆਂ ਟਿਕਟਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣ ਲੜਨਗੇ। ਅੱਜ ਪੰਜਾਬ ਕਾਂਗਰਸ ਨੇ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ। ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜਨਗੇ। ਕਾਂਗਰਸ ਨੇ ਆਖਰੀ ਸੂਚੀ ਵਿੱਚ ਆਪਣੇ ਰਹਿੰਦੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਜਾਰੀ ਲਿਸਟ ਵਿੱਚ ਪਾਰਟੀ ਨੇ ਮੁੱਖ ਮੰਤਰੀ ਚੰਨੀ ਨੂੰ ਭਦੌੜ ਤੋਂ ਦੂਜੀ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ 23 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਸੀ, ਜਿਸ ਨਾਲ ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਐਲਾਨੀ ਗਈ 8 ਉਮੀਦਵਾਰਾਂ ਦੀ ਤੀਜੀ ਲਿਸਟ ਨਾਲ ਕਾਂਗਰਸ ਦੇ ਸਾਰੇ 117 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਗਏ ਹਨ।

ਕਾਂਗਰਸ ਚੋਣ ਕਮੇਟੀ ਵੱਲੋਂ ਜਾਰੀ ਕੀਤੀ ਲਿਸਟ ਵਿੱਚ ਅਟਾਰੀ ਸੀਟ ਤੋਂ ਤਰਸੇਮ ਸਿੰਘ ਸਿਆਲਕਾ, ਖੇਮ ਕਰਨ ਤੋਂ ਸੁਖਪਾਲ ਸਿੰਘ ਭੁੱਲਰ, ਨਵਾਂਸ਼ਹਿਰ ਤੋਂ ਸਤਬੀਰ ਸਿੰਘ ਸੈਣੀ ਬੱਲੀਚਿੱਕੀ, ਲੁਧਿਆਣਾ ਦੱਖਣੀ ਤੋਂ ਈਸ਼ਵਰਜੋਤ ਸਿੰਘ ਚੀਮਾ, ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂਵਾਲਾ, ਭਦੌੜ ਤੋਂ ਚਰਨਜੀਤ ਸਿੰਘ ਚੰਨੀ, ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ।

ਅੱਜ ਐਲਾਨੀ ਗਈ ਲਿਸਟ ਵਿੱਚ ਜਿਨ੍ਹਾਂ ਮੌਜੂਦਾ ਵਿਧਾਇਕਾਂ ਦਾ ਪੱਤਾ ਕੱਟਿਆ ਗਿਆ ਹੈ, ਉਨ੍ਹਾਂ ਵਿੱਚ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ, ਜਲਾਲਾਬਾਦ ਤੋਂ ਵਿਧਾਇਕ ਆਂਵਲਾ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟੀ ਗਈ ਹੈ। ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਕੇ ਦੋ ਸੀਟਾਂ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਜਿਸ ਨੇ ਕਾਂਗਰਸ ਦੇ ਅਗਲੇ ਮੁੱਖ ਮੰਤਰੀ ਉਮੀਦਵਾਰ ਵੱਜੋਂ ਕਿਆਸਰਾਈਆਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ।