‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਈਕ੍ਰੋਚਿਪਸ ਦੀ ਵਿਸ਼ਵਵਿਆਪੀ ਕਮੀ ਦੇ ਬਾਵਜੂਦ ਕ੍ਰਿਸਮਸ ਦੇ ਦੌਰਾਨ ਐਪਲ ਦੀ ਵਿਕਰੀ ਵਧੀ ਹੈ। ਐਪਲ ਦੀ ਵਿਕਰੀ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ 11 ਪ੍ਰਤੀਸ਼ਤ ਵੱਧ ਕੇ 123.9 ਅਰਬ ਡਾਲਰ ਹੋ ਗਈ। ਬਾਜ਼ਾਰ ਬੰਦ ਹੋਣ ਤੋਂ ਬਾਅਦ ਕਾਰੋਬਾਰ ਵਿੱਚ ਕੰਪਨੀ ਦੇ ਸ਼ੇਅਰ ‘ਚ ਚਾਰ ਫੀਸਦੀ ਦਾ ਉਛਾਲ ਆਇਆ ਹੈ ਕਿਉਂਕਿ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੰਪਨੀ ਨੂੰ ਮਿਲਿਆ ਇਹ ਵਾਧਾ ਜਾਰੀ ਰਹੇਗਾ।
ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਵੱਲੋਂ ਜ਼ਿਆਦਾ ਸਮਾਂ ਆਨਲਾਈਨ ਬਿਤਾਉਣ ਕਾਰਨ ਐਪਲ ਦੀ ਵਿਕਰੀ ਵਧੀ ਹੈ। ਮਾਹਿਰਾਂ ਨੇ ਪਿਛਲੇ ਸਾਲ ਚਿਤਾਵਨੀ ਦਿੱਤੀ ਸੀ ਕਿ ਮਾਈਕ੍ਰੋਚਿੱਪਾਂ ਦੀ ਵਿਸ਼ਵਵਿਆਪੀ ਕਮੀ ਐਪਲ ਦੀ ਵਿਕਰੀ ਨੂੰ ਪ੍ਰਭਾਵਤ ਕਰ ਸਕਦੀ ਹੈ। ਪਰ, ਵੀਰਵਾਰ ਨੂੰ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਤਿਮਾਹੀ ਦੇ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਇਸ ਸੰਕਟ ਤੋਂ ਬਚ ਗਈ ਹੈ। ਐਪਲ ਦੇ ਉਤਪਾਦ ‘ਮੈਕ’ ਦੀ ਵਿਕਰੀ ‘ਚ 12 ਫੀਸਦੀ ਅਤੇ ‘ਆਈਫੋਨ’ ਦੀ ਵਿਕਰੀ 9 ਫੀਸਦੀ ਵਧੀ ਹੈ। ਮਾਹਿਰਾਂ ਨੇ ਆਈਪੈਡ ਦੀ ਵਿਕਰੀ ਸਭ ਤੋਂ ਵੱਧ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਸੀ ਪਰ ਸਿਰਫ ਇਸ ਉਤਪਾਦ ਦੀ ਵਿਕਰੀ 14 ਪ੍ਰਤੀਸ਼ਤ ਘਟੀ ਹੈ।