International

ਅਮਰੀਕਾ ਨੇ ਰੂਸ ਦੀ ਇਸ ਮੰਗ ਨੂੰ ਕੀਤਾ ਖਾਰਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੀ ਰੂਸ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਅਮਰੀਕਾ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਯੂਕਰੇਨ ਉੱਤੇ ਰੂਸੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕਰੇਨ ਸੰਕਟ ਦੇ ਹੱਲ ਨੂੰ ਲੈ ਕੇ ਰੂਸ ਨੂੰ ਅਧਿਕਾਰਤ ਤੌਰ ‘ਤੇ ਪ੍ਰਤੀਕਿਰਿਆ ਦਿੰਦਿਆਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰੂਸ ਨੂੰ ਅੱਗੇ ਵਧਣ ਦੇ ਲਈ ਇੱਕ ਗੰਭੀਰ ਕੂਟਨੀਤਿਕ ਰਸਤੇ ਦੀ ਪੇਸ਼ਕਸ਼ ਕਰ ਰਹੇ ਹਨ, ਰੂਸ ਨੂੰ ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਅਮਰੀਕਾ ਦੀ ਪ੍ਰਤੀਕਿਰਿਆ ‘ਤੇ ਰੂਸੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਐਂਟਨੀ ਬਲਿੰਕਨ ਦੀ ਪ੍ਰਤੀਕਿਰਿਆ ਦਾ ਅਧਿਐਨ ਕਰੇਗਾ। ਰੂਸ ਨੇ ਨਾਟੋ ਫ਼ੌਜੀ ਗਠਜੋੜ ਦੇ ਵਿਸਤਾਰ ਅਤੇ ਉਸ ਨਾਲ ਜੁੜੇ ਸੁਰੱਖਿਆ ਮੁੱਦਿਆਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਇਹ ਵੀ ਸ਼ਾਮਿਲ ਹੈ ਕਿ ਯੂਕਰੇਨ ਅਤੇ ਹੋਰ ਦੇਸ਼ਾਂ ‘ਤੇ ਨਾਟੋ ਗਠਜੋੜ ਵਿੱਚ ਸ਼ਾਮਿਲ ਹੋਣ ਉੱਤੇ ਪਾਬੰਦੀ ਲਗਾਈ ਜਾਵੇ।

ਪਰ ਬਲਿੰਕਨ ਨੇ ਕਿਹਾ ਕਿ ਅਮਰੀਕੀ ਪ੍ਰਤੀਕਿਰਿਆ ਨੇ ਸਾਡੇ ਮੂਲ ਸਿਧਾਂਤਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਜਿਸ ਵਿੱਚ ਨਾਟੋ ਵਰਗੇ ਸੁਰੱਖਿਆ ਗਠਜੋੜ ਵਿੱਚ ਸ਼ਾਮਿਲ ਹੋਣ ਲਈ ਯੂਕਰੇਨ ਦਾ ਅਧਿਕਾਰ ਵੀ ਸ਼ਾਮਿਲ ਹੈ।

Comments are closed.