Punjab

ਹਾਕੀ ਪੰਜਾਬ ਹੋਇਆ ਸਸਪੈਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿੱਚ ਕੀਤੀ ਘਪਲੇਬਾਜੀ ਦਾ ਸਖਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਹੈ। ਹਾਕੀ ਇੰਡੀਆ ਨੇ “ਹਾਕੀ ਪੰਜਾਬ” ਦੇ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ, ਖੇਡ ਮੰਤਰੀ ਪੰਜਾਬ ਵੱਲੋਂ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਕੀਤੀਆਂ ਘਪਲੇਬਾਜੀ ਅਤੇ ਬੇ-ਨਿਯਮੀਆਂ ਦਾ ਸਖਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਹੈ। ਹਾਕੀ ਪੰਜਾਬ ਤੇ ਪੰਜਾਬ ਖੇਡ ਵਿਭਾਗ, ਸੂਬੇ ਵਿੱਚ ਪੈਰ ਪਸਾਰ ਚੁੱਕੇ “ਖੇਡ ਮਾਫ਼ੀਏ” ਵਿਰੁੱਧ ਬਤੌਰ ਖੇਡ ਵਿਸਲ੍ਹ ਬਲੋਅਰ ਲਾਮਬੰਦ ਹੋਏ ਸਾਬਕਾ ਪੀ.ਸੀ.ਐਸ. ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਸੁਰਜੀਤ ਹਾਕੀ ਸੁਸਾਇਟੀ ਦੇ 38 ਸਾਲ ਤੱਕ ਰਹੇ ਸਕੱਤਰ ਜਨਰਲ ਸੰਧੂ ਨੇ ਦੱਸਿਆ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਡੇ-ਟੂ-ਡੇ ਕੰਮ ਕਾਜ ਲਈ ਤਿੰਨ ਮੈਂਬਰੀ ਅਡਹਾੱਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਭੋਲਾ ਨਾਥ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ.ਕੇ. ਸ੍ਰੀਵਾਸਤਵਾ ਨੂੰ ਕ੍ਰਮਵਾਰ ਚੇਅਰਮੈਨ, ਮੈਂਬਰ ਅਤੇ ਕਨਵੀਨਰ ਨਿਯੁਕਤ ਗਿਆ ਹੈ।

ਦਰਅਸਲ, ਹਾਕੀ ਓਲੰਪੀਅਨ ਤੋਂ ਰਾਜਨੀਤਕ ਬਣੇ ਪਰਗਟ ਸਿੰਘ ਨੇ ਸਭ ਤੋਂ ਪਹਿਲਾਂ ਸਾਲ 2009 ਪੰਜਾਬ ਦੇ ਬਤੌਰ ਡਾਇਰੈਕਟਰ ਸਪੋਰਟਸ, ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਗੰਢਤੁਪ ਕਰਕੇ ਪੰਜਾਬ ਹਾਕੀ ਐਸੋਸੀਏਸ਼ਨ ਦਾ ਕੰਟਰੋਲ, ਜੋ ਅਕਤੂਬਰ 2009 ਤੱਕ ਪੰਜਾਬ ਪੁਲਿਸ ਕੋਲ ਹੀ ਰਿਹਾ ਸੀ ਤੇ ਆਮ ਤੌਰ ‘ਤੇ ਡੀ.ਜੀ.ਪੀ. ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਸੀ, ਤੋਂ ਖੋਹ ਕੇ “ਹਾਕੀ ਪੰਜਾਬ” ਨਾਮ ਦੀ ਨਵੀਂ ਸੰਸਥਾ ਕਾਇਮ ਕਰਦਿਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਤੇ ਆਪ ਸਕੱਤਰ ਜਨਰਲ ਬਣ ਗਏ ਸਨ।