Punjab

ਆਮ ਘਰਾਂ ਦੇ ਮੁੰਡੇ ਹਰਾਉਣਗੇ ਕਈ-ਕਈ ਸਾਲ ਰਾਜਨੀਤੀ ਹੰਢਾ ਚੁੱਕੇ ਲੀਡਰ – ਭਗਵੰਤ ਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਅੱਜ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਚੋਣਾਂ ਵਿੱਚ ਪੰਜਾਬ ਦੇ ਆਮ ਘਰਾਂ ਦੇ ਬੱਚੇ 30-30, 35 ਸਾਲ ਰਾਜਨੀਤੀ ਹੰਢਾ ਚੁੱਕੇ ਲੀਡਰਾਂ ਨੂੰ ਹਰਾਉਣਗੇ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਆਪ ਨੇ ਆਮ ਘਰ ਦੇ ਮੁੰਡੇ ਯਾਨਿ ਉਨ੍ਹਾਂ ਨੂੰ ਮੌਕਾ ਦਿੱਤਾ ਅਤੇ ਲੋਕਾਂ ਨੇ ਚੋਣਾਂ ਵਿੱਚ ਉਨ੍ਹਾਂ ਨੂੰ ਜਿਤਾਇਆ। ਮਾਨ ਨੇ ਕਿਹਾ ਕਿ ਇਸ ਵਾਰ ਇੱਕ ਪਾਸੇ ਬਹੁਤ ਹੀ ਅਰਬਪਤੀ, ਧਨਾਢ ਹਨ ਅਤੇ ਸਾਡੇ ਵੱਲੋਂ ਆਮ ਘਰਾਂ ਦੇ ਉਮੀਦਵਾਰ ਹਨ।

ਮਾਨ ਨੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਕੱਲ੍ਹ ਇੱਕ ਹੋਰ ਸੀਟ ਹੋਟ ਹੋ ਗਈ ਹੈ ਜਦੋਂ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਦੇ ਖਿਲਾਫ਼ ਚੋਣ ਲੜਨ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਇਨ੍ਹਾਂ ਦੋਵਾਂ ਤੋਂ ਇੱਕ ਸਵਾਲ ਪੁੱਛਦਿਆਂ ਕਿਹਾ ਕਿ ਲਗਭਗ ਸਾਢੇ 14 ਸਾਲਾਂ ਤੋਂ ਨਵਜੋਤ ਸਿੱਧੂ ਪਾਵਰ ਵਿੱਚ ਹਨ ਪਰ ਉਹ ਵਿਵਹਾਰ ਇਵੇਂ ਦਾ ਕਰਦੇ ਹਨ ਜਿਵੇਂ ਉਹ ਵਿਰੋਧੀ ਧਿਰ ਵਿੱਚ ਹੋਣ। ਉਹ ਹਰ ਵਾਰ ਕਹਿੰਦੇ ਹਨ ਕਿ ਪੰਜਾਬ ਜਿੱਤੇਗਾ। ਬਿਕਰਮ ਮਜੀਠੀਆ ‘ਤੇ ਨਿਸ਼ਾਨਾ ਕੱਸਦਿਆਂ ਮਾਨ ਨੇ ਕਿਹਾ ਕਿ ਦੂਜੇ ਪਾਸੇ ਜਿਨ੍ਹਾਂ ‘ਤੇ ਨਸ਼ਿਆਂ ਦੇ ਇਲਜ਼ਾਮ ਲੱਗਦੇ ਹਨ। ਉਨ੍ਹਾਂ ਨੇ ਵੀ ਸੱਤਾ ਭੋਗੀ। ਇਨ੍ਹਾਂ ਦੇ ਨਾਲ ਟੱਕਰ ਲੈਣ ਲਈ ਅਸੀਂ ਅੰਮ੍ਰਿਤਸਰ ‘ਚ ਇੱਕ ਪੜੀ ਲਿਖੀ ਕੁੜੀ ਡਾ.ਜੀਵਨਜੋਤ ਕੌਰ ਨੂੰ ਖੜਾ ਕੀਤਾ ਹੈ। ਦੋਵੇਂ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜੀ ਕਰਦੇ ਹਨ ਪਰ ਸਾਡੀ ਉਮੀਦਵਾਰ ਲੋਕ ਭਲਾਈ ਕੰਮ ਕਰਨ ਦੇ ਦਾਅਵੇ ਕਰ ਰਹੀ ਹੈ। ਅਸੀਂ ਵਿਕਾਸ ਵਾਲੀ ਰਾਜਨੀਤੀ ਕਰਨੀ ਹੈ।

ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਆਪ ਆਮ ਲੋਕਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਦਿੱਲੀ ਵਿੱਚ ਐੱਮਐੱਲਏ ਆਮ ਘਰਾਂ ਨਾਲ ਸਬੰਧਿਤ ਹਨ ਅਤੇ ਇਸ ਨਾਲ ਆਪ ਨੇ ਆਮ ਲੋਕਾਂ ਵਿੱਚ ਵਿਸ਼ਵਾਸ ਬਣਾ ਦਿੱਤਾ ਹੈ ਕਿ ਆਪ ਆਮ ਲੋਕਾਂ ਦੀ ਪਾਰਟੀ ਹੈ। ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਕਹਿੰਦੇ ਹਨ ਕਿ ਇੱਕ ਘਰ ਵਿੱਚ ਦੋ ਟਿਕਟਾਂ ਨਹੀਂ ਦੇਣੀਆਂ ਪਰ ਸਿੱਧੂ ਨੇ ਆਪਣੇ ਭਤੀਜੇ ਨੂੰ ਟਿਕਟ ਦਿਵਾ ਦਿੱਤੀ। ਭੱਠਲ ਨੇ ਆਪਣੇ ਜਵਾਈ ਨੂੰ ਦਿਵਾ ਦਿੱਤੀ। ਇੱਕੋਂ ਘਰ ਵਿੱਚ ਦੋ-ਦੋ ਟਿਕਟਾਂ ਹਨ, ਰਿਸ਼ਤੇਦਾਰੀਆਂ ਹਨ, ਇਸ ਲਈ ਕਾਂਗਰਸ ਇਸ ਪਰਿਵਾਰਵਾਦ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਵੈਸੇ ਇਹ ਯੂਥ ਨੂੰ ਅੱਗੇ ਆਉਣ ਲਈ ਕਹਿੰਦੇ ਹਨ ਪਰ ਯੂਥ ਆਵੇ ਕਿਧਰੋਂ ਦੀ ਕਿਉਂਕਿ ਦਰਵਾਜ਼ੇ ਤਾਂ ਸਾਰੇ ਬੰਦ ਕੀਤੇ ਗਏ ਹਨ। ਭਗਵੰਤ ਮਾਨ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਆਉਣ ਵਾਲੇ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ 2022 ਦੀਆਂ ਚੋਣਾਂ ਵਿੱਚ ਆਪ ਨੇ ਸੀਜ਼ਨਲ ਪਾਰਟੀਆਂ ਨੂੰ ਹਰਾ ਕੇ ਸੱਤਾ ਜਿੱਤੀ ਹੈ। ਇਨ੍ਹਾਂ ਪਾਰਟੀਆ ਨੂੰ 30-30, 35 ਸਾਲ ਦੇ ਜਵਾਕਾਂ ਨੇ ਹਰਾਇਆ ਹੈ।