‘ਦ ਖ਼ਾਲਸ ਬਿਊਰੋ : ਕਾਰਪੋਰੇਟ ਪੱਖੀ ਸਰਕਾਰਾਂ ਦੇ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਵਿੱਚ ਕੁਦਰਤ ਤੇ ਲੋਕ ਪੱਖੀ ਬਦਲ ਉਸਾਰੋ ਇਤਿਹਾਸਕ ਮਹਾਂ ਰੈਲੀ ਹੋਈ। ਜਿਸ ਵਿੱਚ 1 ਲੱਖ ਤੋਂ ਵੱਧ ਦਾ ਇਕਠ ਹੋਇਆ । ਇਥੇ ਇੱਕਠੇ ਹੋਏ ਲੋਕਾਂ ਵਿੱਚ ਪੰਜਾਬ,ਹਰਿਆਣਾ ਤੇ ਯੂਪੀ ਕਿਸਾਨ-ਮਜਦੂਰ ਤਾਂ ਸ਼ਾਮਲ ਹੋਏ ਹੀ ਪਰ ਨਾਲ ਹੀ ਮਜਦੂਰਾਂ,ਬੀਬੀਆਂ ਤੇ ਨੌਜਵਾਨਾਂ ਨੇ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿੱਚ ਦਿੱਲੀ ਮੋਰਚੇ ਵਿੱਚ ਨਵਰੀਤ ਸਿੰਘ ਡਿਬਡਿਬਾ ਸਮੇਤ ਸ਼ਹੀਦ ਹੋਏ 750 ਦੇ ਕਰੀਬ ਕਿਸਾਨਾਂ ਮਜਦੂਰਾਂ ਤੇ ਦੇਸ਼ ਦੁਨੀਆਂ ਭਰ ਦੀਆਂ ਲੋਕ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਰੈਲੀ ਵਿੱਚ 30 ਹਜ਼ਾਰ ਤੋਂ ਉੱਪਰ ਬੀਬੀਆਂ ਦੇ ਇਕੱਠ ਨੇ ਇੱਕ ਵੱਖਰਾ ਹੀ ਨਜਾਰਾ ਪੇਸ਼ ਕੀਤਾ।
ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਐਲਾਨ ਕੀਤਾ ਕਿ ਦੇਸ਼ ਵਿੱਚ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਲਾਗੂ ਕਰਨ ਵਾਲੀ ਭਾਰਤੀ ਸਰਕਾਰ ਨੂੰ ਵੱਡੀ ਲੋਕ ਲਹਿਰ ਨਾਲ ਸੱਤਾ ਤੋਂ ਵੱਖ ਕਰ ਮੌਜੂਦਾ ਸਮੇਂ ਦੇ ਕਾਰਪੋਰੇਟਰਾਂ, ਲੀਡਰਾਂ ,ਵੱਡੀ ਅਫ਼ਸਰਸ਼ਾਹੀ ਤੇ ਮਾਫ਼ੀਆ ਗਰੁੱਪਾਂ ਦੇ ਚੁੰਗਲ ਤੋਂ ਬਚਾਇਆ ਜਾ ਸਕਦਾ ਹੈ ਤੇ ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਵੀ ਇਕਠ ਨੂੰ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਹੋਰ ਮੰਗਾ ਨੂੰ ਲੈ ਕੇ 29 ਜਨਵਰੀ ਨੂੰ ਪੰਜਾਬ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ।