India

ਏਅਰ ਇੰਡੀਆ ਨੇ ਮੁੜ ਸ਼ੁਰੂ ਕੀਤੀਆਂ ਅਮਰੀਕਾ ਲਈ ਉਡਾਣਾਂ

‘ਦ ਖ਼ਾਲਸ ਬਿਊਰੋ : ਏਅਰ ਇੰਡੀਆ ਨੇ ਇੱਕ ਦਿਨ ਪਹਿਲਾਂ ਉਡਾਣਾਂ ਰੱਦ ਕਰਨ ਤੋਂ ਬਾਅਦ ਅੱਜ ਮੁੜ ਆਪਣੀਆਂ ਉਡਾਣਾਂ ਅਮਰੀਕਾ ਨੂੰ ਸ਼ੁਰੂ ਕਰ ਦਿੱਤੀਆਂ ਹਨ। ਦਰਅਸਲ, ਏਅਰ ਇੰਡੀਆ ਨੇ ਕੱਲ੍ਹ ਹੀ ਅਮਰੀਕਾ ਨੂੰ ਜਾਣ ਵਾਲੀਆਂ ਆਪਣੀਆਂ ਅੱਠ ਉਡਾਣਾਂ ਰੱਦ ਕਰ ਦਿੱਤੀਆਂ ਸਨ। ਕਾਰਨ ਸੀ ਅਮਰੀਕਾ ਦੇ ਹਵਾਈ ਅੱਡਿਆਂ ‘ਤੇ 5ਜੀ ਇੰਟਰਨੈੱਟ ਦੀ ਸ਼ੁਰੂਆਤ। ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਨੇ ਇਸਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਕਿ 5ਜੀ ਇੰਟਰਨੈੱਟ ਦੀ ਦਖ਼ਲ-ਅੰਦਾਜ਼ੀ ਨੇਵੀਗੇਸ਼ਨ ਭਾਵ ਉੱਚ ਰੀਡਿੰਗ ਨੂੰ ਪ੍ਰਭਾਵਤ ਕਰ ਸਕਦੀ ਹੈ, ਜੋ ਕਿ ਕੁੱਝ ਜੈੱਟਾਂ ਲਈ ਖ਼ਰਾਬ ਮੌਸਮ ਦੌਰਾਨ ਲੈਂਡਿੰਗ ‘ਚ ਮੁੱਖ ਭੂਮਿਕਾ ਨਿਭਾਉਂਦੀ ਹੈ। ਅਜਿਹੇ ’ਚ ਏਅਰ ਇੰਡੀਆ ਨੇ ਵੀ ਭਾਰਤ ਤੋਂ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ ਜੋ ਕਿ ਅੱਜ ਮੁੜ ਸ਼ੁਰੂ ਕੀਤੀਆਂ ਗਈਆਂ ਹਨ।

ਏਅਰ ਇੰਡੀਆ ਵੱਲੋਂ ਕੱਲ੍ਹ ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਦਿੱਲੀ-ਨਿਊਯਾਰਕ, ਦਿੱਲੀ-ਸਾਨ ਫਰਾਂਸਿਸਕੋ, ਦਿੱਲੀ-ਸ਼ਿਕਾਗੋ, ਮੁੰਬਈ-ਨਿਊਜਰਸੀ ਉਡਾਣਾਂ ਸ਼ਾਮਿਲ ਸਨ। ਇਸ ਤੋਂ ਇਲਾਵਾ ਏਅਰਲਾਈਨ ਨੇ ਦਿੱਲੀ ਤੋਂ ਵਾਸ਼ਿੰਗਟਨ ਦੀ ਫਲਾਈਟ ਨੂੰ ਰੀ-ਸ਼ਡਿਊਲ ਕਰਨ ਦੀ ਗੱਲ ਵੀ ਕਹੀ ਸੀ। ਤੁਹਾਨੂੰ ਦੱਸ ਦੇਈਏ ਕਿ 5ਜੀ ਨੈੱਟਵਰਕ ਜਹਾਜ਼ਾਂ ਦੇ ਸੰਚਾਰ ਪ੍ਰਣਾਲੀ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਈ ਹੋਰ ਏਅਰਲਾਈਨਾਂ ਦਾ ਵੀ ਇਹੀ ਕਹਿਣਾ ਹੈ ਕਿ 5ਜੀ ਤਕਨੀਕ ਏਅਰਪੋਰਟ ਦੇ ਆਲੇ-ਦੁਆਲੇ ਖਤਰਨਾਕ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ 5ਜੀ ਤਕਨੀਕ ਨੂੰ ਰਨਵੇ ਤੋਂ ਦੋ ਮੀਲ ਦੀ ਦੂਰੀ ‘ਤੇ ਰੱਖਣ ਦੀ ਮੰਗ ਕੀਤੀ ਹੈ।