Punjab

ਮੇਰੀ ਜ਼ਮਾਨਤ ‘ਤੇ ਠੋਕੋ ਤਾਲੀ ਦੇ ਉਡੇ ਹੋਸ਼ : ਮਜੀਠੀਆ

‘ਦ ਖ਼ਾਲਸ ਬਿਊਰੋ : ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ‘ਤੇ ਭਰੋਸਾ ਰੱਖਣ ਲਈ ਉਹ  ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ । ਇਸਦੇ ਹੀ  ਨਾਲ ਉਨ੍ਹਾਂ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾਂ ਸਾਧਦਿਆਂ  ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਮਹੀਨਿਆਂ ਅੰਦਰ 4 ਡੀਜੀਪੀ ਬਦਲੇ ਗਏ ਹੋਣ । ਉਨ੍ਹਾਂ ਇਹ ਵੀ ਕਿਹਾ ਕਿ ਇਹ ਬਦਲੀਆਂ ਮੁੱਖ ਮੰਤਰੀ ਨੇ ਆਪਣੇ ਡਰ ਦੇ ਕਾਰਨ ਕਰਵਾਈਆਂ ਸਨ।  ਇਸਦੇ ਨਾਲ ਹੀ ਉਨ੍ਹਾਂ  ਨੇ ਕਾਂਗਰਸ ਪਾਰਟੀ  ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਵਿੱਚ ਨਾ ਹੀ ਬਿਜਲੀ ਪੂਰੀ ਹੋਈ ਹੈ ਅਤੇ ਨੀ ਹੀ ਪਾਣੀ ਪੂਰਾ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਿਰੋਧੀ ਧਿਰਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਅਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਸਰਕਾਰ ਹੈ ਜੋ ਹਮੇਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਦੀ ਰਹੀ ਹੈ ਅਤੇ ਖੜਦੀ ਰਹੇਗੀ।

ਇਸੇ ਦੌਰਾਨ ਮਜੀਠੀਆ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਲਾ ਕੇ ਇਹ ਖੁਲਾਸਾ ਕੀਤਾ ਕਿ ਉਹ ਅੰਮ੍ਰਿਤਰਸ ਦੇ ਪੁਰਬੀ ਇਲਾਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨਗੇ।ਉਨ੍ਹਾਂ ਕਿਹਾ ਕਿ ਮੇਰੀ ਜ਼ਮਾਨਤ ਹੋਣ  ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ  ਬਹੁਤ ਦੁੱਖ ਲੱਗਿਆ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਅਫ਼ਸਰਾਂ ‘ਤੇ ਦਬਾਅ ਬਣਾਇਆ ,ਉਨ੍ਹਾਂ ਨੂੰ ਪੈਸੇ ਦਾ ਲਾਲਚ ਦਿੱਤਾ ਤਾਂਕਿ ਉਹ  ਮੇਰੇ ਉੱਤੇ ਪੁਲਿਸ ਕੇਸ ਦਰਜ ਕਰ ਸਕਣ। ਆਖ਼ਿਰ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਲੜਨਗੇ।