‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਵੱਡੇ ਵਾਅਦੇ ਕਰਕੇ ਵੋਟਾਂ ਲਈਆਂ ਸਨ, ਕਿਸਾਨਾਂ ਦੀ ਕਰਜ਼ਾ ਮੁਆਫੀ ਉਨ੍ਹਾਂ ਵਿੱਚੋਂ ਪ੍ਰਮੁੱਖ ਸੀ। “ਪੰਜਾਬ ਦੇ ਕਪਤਾਨ” ਅਮਰਿੰਦਰ ਸਿੰਘ ਕਿਸਾਨਾਂ ਸਿਰ ਚੜੇ ਕਰਜ਼ੇ ਦਾ ਨਿਗੂਣਾ ਜਿਹਾ ਹਿੱਸਾ ਮੁਆਫ ਕਰਕੇ ਡੰਗ ਟਪਾਈ ਕਰ ਗਏ ਪਰ ਹੁਣ ਲੰਘੇ ਕੱਲ੍ਹ ਚਰਨਜੀਤ ਸਿੰਘ ਚੰਨੀ ਨੇ ਵੀ ਸਮੁੱਚਾ ਕਰਜ਼ਾ ਮੁਆਫ਼ ਕਰਨ ਤੋਂ ਪੱਲਾ ਝਾੜ ਦਿੱਤਾ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਕਰਜ਼ਾ ਮੁਆਫੀ ਸਕੀਮ ਅਧੀਨ 1200 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕਰਨ ਦਾ ਭਰੋਸਾ ਦੇ ਕੇ ਉਹ ਐਮਰਜੈਂਸੀ ਦਾ ਬਹਾਨਾ ਲਾ ਕੇ ਚੱਲਦੇ ਬਣੇ। ਫੈਸਲੇ ਮੁਤਾਬਕ ਹੁਣ ਸਿਰਫ਼ ਪੰਜ ਏਕੜ ਤੱਕ ਦੀ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਨੂੰ ਰਾਹਤ ਮਿਲੇਗੀ ਜਦਕਿ ਵਾਅਦੇ ਮੁਤਾਬਕ ਕਿਸਾਨ, ਚੋਣ ਵਾਅਦੇ ਮੁਤਾਬਕ ਸਾਰੇ ਕਰਜ਼ੇ ‘ਤੇ ਲੀਕ ਮਾਰਨ ਦੀ ਗੱਲ ਕਰਦੇ ਰਹੇ। ਕਿਸਾਨ ਜਥੇਬੰਦੀਆਂ ਨਾਲ ਮੁੱਖ ਮੰਤਰੀ ਦੀ ਇਸ ਮੁੱਦੇ ਉੱਤੇ 17 ਨਵੰਬਰ ਨੂੰ ਵੀ ਮੀਟਿੰਗ ਹੋਈ ਸੀ ਪਰ ਉਦੋਂ ਇਹ ਕੱਲ੍ਹ ਦੀ ਮੀਟਿੰਗ ਲਈ ਛੱਡ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਪੰਜ ਏਕੜ ਦੀ ਮਾਲਕੀ ਵਾਲੇ ਕਰਜ਼ਾ ਮੁਆਫੀ ਤੋਂ ਬਾਹਰ ਰਹਿ ਗਏ 1.09 ਲੱਖ ਕਿਸਾਨਾਂ ਨੂੰ 1200 ਕਰੋਰ ਰੁਪਏ ਦੀ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਇੱਕ ਲੱਖ 34 ਹਜ਼ਾਰ ਕਿਸਾਨਾਂ ਦਾ 4610 ਕਰੋੜ ਦਾ ਕਰਜ਼ਾ ਮੋਤੀਆਂ ਵਾਲੀ ਸਰਕਾਰ ਵੱਲੋਂ ਮੁਆਫ ਕੀਤਾ ਗਿਆ ਸੀ।
ਇੱਕ ਜਾਣਕਾਰੀ ਅਨੁਸਾਰ ਪੰਜਾਬ ਵਿੱਚ 89 ਫ਼ੀਸਦੀ ਖੇਤੀਬਾੜੀ ਵਿਕਾਸ ਬੈਂਕ ਹਨ ਅਤੇ 70 ਹਜ਼ਾਰ ਕਿਸਾਨਾਂ ਵੱਲ 3100 ਕਰੋੜ ਰੁਪਏ ਦਾ ਕਰਜ਼ਾ ਖੜਾ ਹੈ। ਉਂਝ ਪੰਜਾਬ ਦੇ ਕਿਸਾਨ ਸਿਰ ਚੜੇ ਸਮੁੱਚੇ ਕਰਜ਼ੇ ਦੀ ਰਕਮ 90 ਹਜ਼ਾਰ ਕਰੋੜ ਰੁਪਏ ਬਣਦੀ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ਦਾ 89 ਫ਼ੀਸਦੀ ਕਿਸਾਨ ਕਰਜ਼ੇ ਹੇਠ ਦੱਬਿਆ ਪਿਆ ਹੈ। ਸੂਬੇ ਵਿੱਚ 10.53 ਲੱਖ ਕਿਸਾਨ ਪਰਿਵਾਰ ਹਨ। ਇਸ ਤਰ੍ਹਾਂ ਹਰੇਕ ਪਰਿਵਾਰ ਸਮੇਤ 9 ਲੱਖ ਤੋਂ ਵੱਧ ਦਾ ਕਰਜ਼ਾ ਬਣਦਾ ਹੈ। ਨਾਬਾਰਡ ਨੇ ਕਿਸਾਨਾਂ ਸਿਰ ਚੜੇ ਕਰਜ਼ੇ ਦੀ ਰਕਮ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਹੈ। ਗੈਰ ਸਰਕਾਰੀ ਸੂਤਰ ਕਰਜ਼ੇ ਦੀ ਰਕਮ ਇੱਕ ਲੱਖ ਕਰੋੜ ਨੂੰ ਟੱਪ ਜਾਣ ਦਾ ਦਾਅਵਾ ਕਰਦੇ ਹਨ।
ਕਰਜ਼ੇ ਦੀ ਮਾਰ ਕਿਸਾਨਾਂ ਵਾਸਤੇ ਝੱਲਣੀ ਮੁਸ਼ਕਿਲ ਹੋ ਰਹੀ ਹੈ। ਨਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਕਰਜ਼ੇ ਹੇਠ ਦੱਬੇ 10 ਹਜ਼ਾਰ 500 ਤੋਂ ਵੱਧ ਕਿਸਾਨ ਅਤੇ 9300 ਦੇ ਕਰੀਬ ਮਜ਼ਦੂਰ ਜਾਨ ਗਵਾ ਚੁੱਕੇ ਹਨ। ਕਰਜ਼ੇ ਦੀ ਪੰਡ ਚੁੱਕੀ ਫਿਰਦੇ ਕਿਸਾਨਾਂ ਵਿੱਚੋਂ 77 ਫ਼ੀਸਦੀ ਛੋਟੇ ਅਤੇ ਦਰਮਿਆਨੇ ਕਿਸਾਨ ਦੱਸੇ ਜਾ ਰਹੇ ਹਨ। ਪੰਜਾਬ ਦੇ ਕਪਤਾਨ ਵੱਲੋਂ ਕਰਜ਼ਾ ਮੁਆਫ਼ੀ ਦੇ ਐਲਾਨ ਦੀ ਚੀਰ-ਫਾੜ ਕਰੀਏ ਤਾਂ 12000 ਕਰੋੜ ਰੁਪਏ ਦੇ ਕਰਜ਼ੇ ‘ਤੇ ਲੀਕ ਫੇਰਨੀ ਬਣਦੀ ਹੈ ਪਰ ਹਾਲੇ ਤੱਕ 1600 ਕਰੋੜ ਦਾ ਕਰਜ਼ ਹੀ ਮੁਆਫ ਕੀਤਾ ਗਿਆ ਹੈ। ਉਹ ਵੀ ਦੋ ਕਿਸ਼ਤਾਂ ਵਿੱਚ। ਫੇਰ ਇਸ ਵਿੱਚੋਂ ਵੀ ਵੱਡਾ ਹਿੱਸਾ ਚੋਣਾਂ ਤੋਂ ਐਨ ਪਹਿਲਾਂ ਇਨੀਂ ਦਿਨੀਂ। ਜੇ ਆਪਾਂ ਕਿਸਾਨ ਪਰਿਵਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਦੋ ਕਿਸ਼ਤਾਂ ਵਿੱਚ ਕਰਜ਼ ਮੁਆਫੀ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਚਾਰ ਲੱਖ ਤੋਂ ਵੀ ਹੇਠਾਂ ਰਹਿ ਜਾਂਦੀ ਹੈ। ਫੇਰ ਇਹ ਵੀ ਗੱਲ ਕਰ ਲੈਣੀ ਬਣਦੀ ਹੈ ਕਿ ਪਹਿਲਾਂ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ, ਉਨ੍ਹਾਂ ਵਿੱਚ ਅਸਲੀ ਨਾਲੋਂ ਜਾਅਲੀ ਕਿਸਾਨਾਂ ਜ਼ਆਦਾ ਸਾਹਮਣੇ ਆਏ ਸਨ। ਸਰਕਾਰ ਦੀ ਸਕੀਮ ਦਾ ਲਾਭ ਸਿਆਸਤਦਾਨਾਂ ਦੇ ਚਹੇਤੇ ਲੈ ਗਏ ਜਿਨ੍ਹਾਂ ਨੇ ਨਾ ਕਦੇ ਖੇਤਾਂ ਵਿੱਚ ਪੈਰ ਧਰਿਆ ਅਤੇ ਨਾ ਹੀ ਉਨ੍ਹਾਂ ਦੇ ਨਾਂ ਜ਼ਮੀਨ ਦਾ ਰਿਕਾਰਡ ਬੋਲਦਾ ਹੈ। ਕੋਈ ਨੌਕਰੀਸ਼ੁਦਾ ਕਰਜ਼ ਮੁਆਫੀ ਦੀ ਕੰਨਸੋਅ ਪੈਂਦਿਆਂ ਹੀ ਬੈਂਕਾਂ ਤੋਂ ਢਾਈ-ਢਾਈ ਲੱਖ ਰੁਪਏ ਲੈ ਕੇ ਖੱਟੀ ਕਰ ਗਏ। ਕਿਸਾਨ ਕਰਜ਼ਾ ਮੁਆਫ਼ ਸਕੀਮ ਦੀ ਤਰ੍ਹਾਂ ਸਰਕਾਰ ਦੀਆਂ ਦੂਜੀਆਂ ਸਕੀਮਾਂ ਦੀ ਖੱਟੀ ਵੀ ਜਾਅਲੀ ਲੋਕ ਲੈਂਦੇ ਆ ਰਹੇ ਹਨ ਪਰ ਸਰਕਾਰ ਨੇ ਮਾਮਲਾ ਪ੍ਰਕਾਸ਼ ਹੋਣ ‘ਤੇ ਵੀ ਅੱਖਾਂ ਮੀਚੀ ਰੱਖੀਆਂ ਹਨ।
ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਜਿੱਤੇ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨ ਹੋਰ ਤਕੜਾ ਹੋ ਕੇ ਨਿਕਲਿਆ ਹੈ ਅਤੇ ਹੁਣ ਉਹ ਮੁੱਖ ਮੰਤਰੀ ਸਮੇਤ ਦੂਜੇ ਸਿਆਸਤਦਾਨਾਂ ਦੀ ਬਾਂਹ ਮਰੋੜਨ ਦਾ ਹੀਆ ਰੱਖਣ ਲੱਗਾ ਹੈ। ਕਿਸਾਨ ਕਰਜ਼ਾ ਮੁਆਫੀ ਦੀ ਸਕੀਮ ਦਾ ਚੋਣ ਵਾਅਦਾ ਮੁਕੰਮਲ ਰੂਪ ਵਿੱਚ ਲਾਗੂ ਕਰਾਉਣ ਵਿੱਚ ਸਫ਼ਲ ਹੋਵੇ ਜਾਂ ਨਾ ਪਰ ਇੱਕ ਗੱਲ ਪੱਕੀ ਹੈ ਕਿ ਅੰਨਦਾਤੇ ਨੂੰ ਹਨੇਰੇ ਵਿੱਚ ਰੱਖਣ ਵਾਲਿਆਂ ਨੂੰ 2022 ਵਿੱਚ ਹੱਥ ਮਲਣੇ ਪੈ ਜਾਣਗੇ।