‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਵੱਸਦੇ ਸਿੱਖਾਂ ਨੇ ਉੱਥੋਂ ਦੀ ਇੱਕ ਅਦਾਲਤ ਵਿੱਚ ਵੱਡਾ ਕੇਸ ਜਿੱਤ ਲਿਆ ਹੈ। ਸਿੱਖ ਭਾਈਚਾਰੇ ਦੀ ਮੰਗ ‘ਤੇ ਅਦਾਲਤ ਨੇ ਕਿਰਪਾਨ ਨੂੰ ਧਾਰਨ ਕਰਨ ਦੀ ਆਗਿਆ ਦਿੰਦਿਆਂ ਇਸ ਲਈ ਲਾਇਸੈਂਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਕਿਰਪਾਨ ਜਿੱਥੇ ਕਿਰਪਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ, ਉੱਥੇ ਇਸ ਨੂੰ ਜ਼ੁਲਮ ਖਿਲਾਫ਼ ਬਗਾਵਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਅਸਲ ਵਿੱਚ ਪੰਜ ਕਕਾਰ ਸਿੱਖਾਂ ਦੇ ਜੀਵਨ ਦਾ ਅਹਿਮ ਅਤੇ ਅਨਿੱਖੜਵਾਂ ਅੰਗ ਹਨ।
ਪੇਸ਼ਾਵਰ ਦੇ ਸਿੱਖ ਭਾਈਚਾਰੇ ਵੱਲੋਂ ਅਕਤੂਬਰ 2020 ਵਿੱਚ ਪਾਕਿਸਤਾਨ ਦੇ ਚਾਰ ਪ੍ਰਾਂਤਾਂ ਦੇ ਹਾਈ ਕੋਰਟ ਵਿੱਚ ਇੱਕ ਸਾਂਝੀ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਅਦਾਲਤ ਸਣੇ ਸਰਕਾਰੀ ਸੰਸਥਾਵਾਂ ਵਿੱਚ ਕ੍ਰਿਪਾਨ ਨੂੰ ਨਾਲ ਰੱਖਣ ਲਈ ਆਗਿਆ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਕ੍ਰਿਪਾਨ ਸਿੱਖ ਧਰਮ ਦਾ ਪ੍ਰਤੀਕ ਹੈ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੇ ਗਏ ਪੰਜ ਕਕਾਰਾਂ ਵਿੱਚੋਂ ਇੱਕ ਹੈ। ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਦਸਵੇਂ ਧਰਮ ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ਜਦੋਂ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਖਾਲਸਾ ਪੰਥ ਸਾਜਿਆ ਸੀ ਤਾਂ ਕ੍ਰਿਪਾਨ ਨੂੰ ਹੋਰਨਾਂ ਕਕਾਰਾਂ ਸਣੇ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਦੱਸਿਆ ਸੀ। ਇਸ ਤੋਂ ਬਾਅਦ ਇਹ ਪੰਜ ਕਕਾਰ ਸਿੱਖਾਂ ਦੇ ਜੀਵਨ ਦਾ ਅਹਿਮ ਅਤੇ ਅਨਿੱਖੜਵਾਂ ਅੰਗ ਬਣ ਗਏ। ਸਿੱਖ ਧਰਮ ਵਿੱਚ ਕ੍ਰਿਪਾਨ ਨੂੰ ਜ਼ੁਲਮ ਖਿਲਾਫ਼ ਬਗਾਵਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।
ਪੇਸ਼ਾਵਰ ਹਾਈ ਕੋਰਟ ਨੇ 22 ਦਸੰਬਰ 2021 ਨੂੰ ਮਾਮਲੇ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ 2012 ਦੀ ਹਥਿਆਰ ਨੀਤੀ ਤਹਿਤ ਲਾਈਸੈਂਸ ਨਾਲ ਹੀ ਤਲਵਾਰ ਰੱਖਣ ਦੀ ਆਗਿਆ ਦਿੱਤੀ ਹੈ। ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਕ੍ਰਿਪਾਨ ਦਾ ਵੀ ਲਾਈਸੈਂਸ ਜਾਰੀ ਕੀਤਾ ਜਾਵੇ।
ਇੱਥੇ ਚੇਤੇ ਕਰਾਇਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਦੋਂ 1989 ਵਿੱਚ ਲੋਕ ਸਭਾ ਦੀ ਚੋਣ ਜਿੱਤੀ ਸੀ ਤਾਂ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਕਿਰਪਾਨ ਨਾਲ ਲਿਜਾਣ ਤੋਂ ਰੋਕ ਦਿੱਤਾ ਗਿਆ ਸੀ। ਉਹ ਵੀ ਆਪਣੀ ਜ਼ਿੱਦ ‘ਤੇ ਅੜੇ ਰਹੇ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕਾਨੂੰਨ ਦਾ ਆਰਟੀਕਲ-25 ਸਿੱਖਾਂ ਨੂੰ ਧਾਰਮਿਕ ਸੁਤੰਤਰਤਾ ਦਿੰਦਿਆਂ ਹੋਇਆ ਕ੍ਰਿਪਾਨ ਰੱਖਣ ਦੀ ਆਗਿਆ ਦਿੰਦਾ ਹੈ। ਭਾਰਤ ਵਿੱਚ ਇੱਕ ਤੈਅ ਲੰਬਾਈ ਦੀ ਤਲਵਾਰ ਸਿੱਖ ਆਜ਼ਾਦੀ ਨਾਲ ਆਪਣੇ ਕੋਲ ਰੱਖ ਸਕਦੇ ਹਨ। 2003 ਵਿੱਚ ਯੂਰਪ ਵਿੱਚ ਇੱਕ ਏਅਰਪੋਰਟ ‘ਤੇ ਜਦੋਂ ਸਿੱਖ ਪਰਿਵਾਰ ਨੂੰ ਕ੍ਰਿਪਾਨ ਹਟਾਉਣ ਲਈ ਕਿਹਾ ਗਿਆ ਸੀ ਤਾਂ ਪਰਿਵਾਰ ਦੇ ਮੁਖੀ ਨੇ ਇਸ ਦਾ ਵਿਰੋਧ ਕੀਤਾ ਸੀ। ਅਜਿਹੇ ਹੀ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ 2006 ਵਿੱਚ ਸਿੱਖਾਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਣੇ ਯੂਰਪ ਦੇ ਹਵਾਈ ਅੱਡਿਆਂ ਅਤੇ ਦੂਜੀਆਂ ਜਨਤਕ ਥਾਂਵਾਂ ‘ਤੇ ਧਾਰਮਿਕ ਆਜ਼ਾਦੀ ਤਹਿਤ ਕ੍ਰਿਪਾਨ ਰੱਖਣ ਦੀ ਕਾਨੂੰਨੀ ਆਗਿਆ ਦੇ ਦਿੱਤੀ ਗਈ।