India Punjab

ਹੁਣ ਮੋਗਾ ਤੇ ਫ਼ਾਜ਼ਿਲਕਾ ਰੇਲਵੇ ਸਟੇਸ਼ਨਾਂ ‘ਤੇ ਵੀ ਕਿਸਾਨ ਲਾਉਣਗੇ ਪੱਕਾ ਮੋਰਚਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ, ਤਰਨਤਾਰਨ ਅਤੇ ਦੋ ਹੋਰ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ‘ਤੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੇ ਤੀਜੇ ਦਿਨ ਵੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਗਿਆ, ਜਿਸ ਕਰਕੇ ਜਥੇਬੰਦੀ ਨੇ ਹੁਣ ਮੋਗਾ ਤੇ ਫਾਜਿਲਕਾ ਰੇਲਵੇ ਸਟੇਸ਼ਨ ‘ਤੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਲੋਕ ਚੰਨੀ ਸਰਕਾਰ ਤੋਂ ਕਾਫੀ ਖਫਾ ਹਨ ਅਤੇ ਲਗਾਤਾਰ ਲਾਮਬੰਦ ਹੋ ਰਹੇ ਹਨ। ਉਹਨਾਂ ਦੱਸਿਆ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਰੇਲਵੇ ਟਰੈਕ ‘ਤੇ ਹੀ ਕਥਾ-ਕੀਰਤਨ ਕਰਕੇ ਸ਼ਰਧਾ ਨਾਲ ਮਨਾਇਆ ਗਿਆ ਅਤੇ ਸ਼ਾਮ ਨੂੰ ਕੈਂਡਲ ਮਾਰਚ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਿਸਾਨ ਆਗੂਆਂ ਦੀ ਉੱਚ ਪੁਲਿਸ ਅਧੀਕਾਰੀਆਂ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਇਸ ਦਾ ਕਾਰਨ ਚੰਨੀ ਸਰਕਾਰ ਦਾ ਅੜੀਅਲ ਰੱਵਈਆ ਹੈ। ਪੰਜਾਬ ਸਰਕਾਰ ਕਿਸਾਨਾਂ, ਮਜਦੂਰਾਂ ਦਾ ਸਾਰਾ ਕਰਜਾ ਖਤਮ ਕਰਨ ਅਤੇ ਹੋਰ ਬਾਕੀ ਮੰਗਾਂ ਮੰਨਣ ਤੋਂ ਭੱਜ ਰਹੀ ਹੈ।