‘ਦ ਖਾਲਸ ਬਿਊਰੋ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਦੇ ਖ਼ਜ਼ਾਨੇ ਭਰੇ ਬਿਨਾਂ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਨੌਕਰੀ ਮੰਗ ਰਹੇ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ ਜਦਕਿ ਦੂਜੇ ਮੁਲਾਜ਼ਮਾਂ ਵਾਸਤੇ ਪੰਜ ਹਜ਼ਾਰ ਕਰੋੜ ਰੁਪਏ ਹੋਰ ਚਾਹੀਦੇ ਹਨ। ਸਰਕਾਰੀ ਉਗਰਾਹੀਂ ਰਾਹੀਂ ਇਕੱਠਾ ਹੋ ਰਿਹਾ ਮਾਲੀਆ ਖ਼ਜ਼ਾਨੇ ਵਿੱਚ ਜਾਣ ਦੀ ਥਾਂ ਨਿੱਜੀ ਜੇਬਾਂ ਵਿੱਚ ਜਾ ਰਿਹਾ ਹੈ। ਸਾਰਾ ਪੰਜਾਬ ਸੜਕਾਂ ਉੱਤੇ ਹੈ। ਮੈਂ ਸਾਰਿਆਂ ਦੇ ਲਈ ਆਵਾਜ਼ ਚੁੱਕੀ ਹੈ।ਇਹ ਸਭ ਸਿੱਧੂ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ।
ਸਿੱਧੂ ਨੇ ਕਿਹਾ ਕਿ ਚੋਣਾਂ 2022 ਤੋਂ ਅੱਗੇ ਵੇਖਣ ਦੀ ਲੋੜ ਹੈ। ਝੂਠੇ ਵਾਅਦਿਆਂ ਨਾਲੋਂ ਪੰਜਾਬ ਨੂੰ ਇੱਕ ਰੋਡਮੈਪ ਦੇਣ ਦੀ ਲੋੜ ਹੈ। ਮੈਂ ਪੰਜਾਬ ਮਾਡਲ ਨਾਲ ਪੰਜਾਬ ਦੀ ਕਿਸਮਤ ‘ਤੇ ਲੱਗੇ ਤਾਲੇ ਨੂੰ ਖੋਲ੍ਹਣਾ ਚਾਹੁੰਦਾ ਹਾਂ। ਇਸਦੀ ਸ਼ੁਰੂਆਤ ਮੈਂ ਕਿਸਾਨ ਅਤੇ ਗਰੀਬ ਤੋਂ ਕਰਾਂਗੇ। ਜਦੋਂ ਚੋਣਾਂ ਆਉਂਦੀਆਂ ਹਨ, ਉਦੋਂ ਹੀ ਬੇਅਦਬੀ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ। ਇਹੋ ਜਿਹੀਆਂ ਘਟਨਾਵਾਂ ਸਹਿਮ ਫੈਲਾਉਣ ਲਈ ਕਰਵਾਈਆਂ ਜਾਂਦੀਆਂ ਹਨ। ਲੋਕਾਂ ਨੂੰ ਏਜੰਡਾ ਚਾਹੀਦਾ ਹੈ, ਲਾਲੀਪੌਪ ਨਹੀਂ। ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦਰਜ ਹੋਏ ਕੇਸ ਬਾਰੇ ਬੋਲਦਿਆਂ ਕਿਹਾ ਕਿ ਕਾਨੂੰਨ ਵਾਲੇ ਕਾਨੂੰਨੀ ਕਾਰਵਾਈ ਕਰ ਰਹੇ ਹਨ।