‘ਦ ਖਾਲਸ ਬਿਊਰੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸੁਖਬੀਰ ਬਾਦਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇ ਅਦਬੀ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰੂ ਘਰ ਦੇ ਮਸਲੇ ‘ਤੇ ਅਸੀਂ ਨਾ ਸਿਆਸਤ ਕਰਾਂਗੇ ਅਤੇ ਨਾ ਹੀ ਕਰਨੀ ਚਾਹੀਦੀ ਹੈ। ਕਾਂਗਰਸ ਸਰਕਾਰ ਨੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਰਫ ਸਿਆਸਤ ਕੀਤੀ ਹੈ। ਜੋ ਵੀ ਬੇਅਦਬੀ ਮਾਮਲੇ ਉੱਤੇ ਸਿਆਸਤ ਕਰੇਗਾ, ਉਸਦਾ ਕੱਖ ਨਾ ਰਹੇ ਅਤੇ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਇਸ ਮਾਮਲੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਬਲਕਿ ਰਲ ਕੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਪਿਛਲੀ ਵਾਰ ਵੀ ਚੋਣਾਂ ਦੇ ਨੇੜੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ ਅਤੇ ਹੁਣ ਫਿਰ ਚੋਣਾਂ ਨੇੜੇ ਹਨ ਅਤੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਅਦਬੀ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਹੈ ਕਿਉਂਕਿ ਸਰਕਾਰ ਨੇ ਤਾਂ ਚਾਰ ਦਿਨ ਹੋ ਗਏ, ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਸਕੇ। ਪੰਜਾਬ ਸਰਹੱਦੀ ਸੂਬਾ ਹੈ, ਪੰਜਾਬ ਦੇ ਲੋਕ ਅਜਿਹੀ ਘਿਨੌਣੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਗਾਂਧੀ ਪਰਿਵਾਰ ਇੱਕੋ ਅਜਿਹਾ ਪਰਿਵਾਰ ਹੈ, ਜਿਸਨੂੰ ਸਿੱਖ ਪੰਥ ਕਦੇ ਮੁਆਫ ਨਹੀਂ ਕਰ ਸਕਦਾ। ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲ ਸਿੱਖ ਭਾਵਨਾਵਾਂ ਅਤੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ, ਉਨ੍ਹਾਂ ਦੇ ਹਰ ਮੁੱਦੇ ਉੱਤੇ ਖੇਡਿਆ ਹੈ, ਕੋਈ ਕਾਰਵਾਈ ਨਹੀਂ ਕੀਤੀ ਹੈ।
ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਣ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਸਾਡੇ ਖਿਲਾਫ ਬਦਲਾਖੋਰੀ ਦੀ ਰਾਜਨੀਤੀ ਅਪਣਾ ਰਹੀ ਹੈ। ਇਨ੍ਹਾਂ ਨੇ ਡਰੱਗਜ਼ ਦੇ ਮਾਮਲੇ ਵਿੱਚ ਸਿਆਸਤ ਕੀਤੀ ਹੈ। ਪਿਛਲੇ ਪੰਜ ਸਾਲਾਂ ਵਿੱਚ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ। ਹੁਣ ਇਨ੍ਹਾਂ ਨੇ ਤਿੰਨ ਵਾਰ ਡੀਜੀਪੀ ਬਦਲ ਦਿੱਤਾ ਹੈ। ਜਿਸ ਕੇਸ ਵਿੱਚ ਮਜੀਠੀਆ ਨੂੰ ਲਿੰਕ ਕੀਤਾ ਗਿਆ ਹੈ, ਉਸ ਮਾਮਲੇ ਵਿੱਚ ਤਾਂ ਪਹਿਲਾਂ ਹੀ ਦੋਸ਼ੀ ਸਜਾ ਭੁਗਤ ਰਹੇ ਹਨ।
ਸੁਖਬੀਰ ਬਾਦਲ ਨੇ ਪੰਜਾਬ ਦੇ ਡੀਜੀਪੀ ਸਿਧਾਰਥ ਚੱਟੋਪਧਿਆਏ ‘ਤੇ ਵਰ੍ਹਦਿਆਂ ਕਿਹਾ ਕਿ ਚੱਟੋਪਧਿਆਏ ਉਹ ਇਨਸਾਨ ਹੈ, ਜਿਸਨੂੰ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਖਿਲਾਫ ਵਰਤਿਆ ਸੀ। ਉਦੋਂ ਵੀ ਚੱਟੋਪਧਿਆਏ ਨੇ ਬਾਦਲ ਪਰਿਵਾਰ ਖਿਲਾਫ ਝੂਠਾ ਪਰਚਾ ਦਰਜ ਕੀਤਾ, ਜਾਂਚ ਕੀਤੀ। ਪਰ ਹਾਈਕੋਰਟ ਅਤੇ ਲੋਅਰ ਕੋਰਟ ਨੇ ਉਸਦੀ ਜਾਂਚ ਨੂੰ ਰੱਦ ਕਰਕੇ ਸਾਨੂੰ ਬਾਹਰ ਕੱਢਿਆ। ਸਾਰੀ ਪੁਲਿਸ ਇੱਕ ਪਾਸੇ ਹੈ ਅਤੇ ਇਕੱਲਾ ਡੀਜੀਪੀ ਚੱਟੋਪਧਿਆਏ ਇੱਕ ਪਾਸੇ ਹੈ, ਜਿਸਨੇ ਝੂਠਾ ਕੇਸ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦਾ ਚੈਲੇਂਜ ਕਬੂਲਦੀ ਹੈ। ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਤੇ ਪੰਜਾਬ ਦੀ ਜਨਤਾ ਸਾਹਮਣੇ ਕਾਂਗਰਸ ਪਾਰਟੀ ਦਾ ਸੱਚ ਰੱਖਾਂਗੇ। ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਤੁਹਾਡਾ ਚੈਲੇਂਜ ਮਨਜ਼ੂਰ ਕਰਦੇ ਹਾਂ ਅਤੇ ਤੁਸੀਂ ਪੰਜਾਬ ਦੀ ਕਚਹਿਰੀ ਵਿੱਚ ਆਉ।