‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਬਾਰੇ STF ਦੀ ਰਿਪੋਰਟ ‘ਤੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਹਾਲੀ ਦੇ ਸਟੇਟ ਕ੍ਰਾਈਮ ਸੈੱਲ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਐਫਆਈਆਰ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ ਪਰ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਵਿਰੁੱਧ 2013 ਵਿੱਚ ਨਸ਼ੇ ਦੀ ਤਸਕਰੀ ਦਾ ਇੱਕ ਪੁਲਿਸ ਕੇਸ ਬਣਿਆ ਸੀ, ਉਸਨੂੰ ਮੁੜ ਸਾਹਮਣੇ ਰੱਖਿਆ ਗਿਆ ਹੈ।
ਉਂਝ ਇਸ ਕੇਸ ਵਿੱਚ ਮਜੀਠੀਆ ਅਤੇ ਉਸਦੇ ਦੋ ਸਾਥੀ ਬਰੀ ਹੋ ਚੁੱਕੇ ਹਨ। ਉੱਚ ਭਰੋਸੇਯੋਗ ਸੂਤਰਾਂ ਅਨੁਸਾਰ ਐੱਫਆਈਆਰ ਦੋ ਨੰਬਰ ਵਿੱਚ ਮਜੀਠੀਆ ‘ਤੇ ਧਾਰਾ 25, 27ਏ ਤੇ 29 NDPS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਐੱਫਆਈਆਰ ਸਾਹਮਣੇ ਆਉਣ ਤੱਕ ਸਾਰਾ ਕੁੱਝ ਸੂਤਰਾਂ ਦੇ ਹਵਾਲੇ ਨਾਲ ਹੀ ਮੀਡੀਆ ਪਰੋਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਜੀਠੀਆ ਪੇਸ਼ੀ ਜ਼ਮਾਨਤ ਲਈ ਉੱਚ ਅਦਾਲਤ ਵੱਲ ਰੁਖ ਕਰਨ ਦੀ ਤਿਆਰੀ ਵਿੱਚ ਹਨ, ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰਨ ਲਈ ਤੇਜ਼ੀ ਨਾਲ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਅਕਾਲੀ ਦਲ ਦੇ ਲੀਡਰਾਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਿਛਲੇ ਸਮੇਂ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਜਾਂਚ ਲਈ ਲਗਾਤਾਰ ਦਬਾਅ ਬਣਾ ਰਹੇ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਵਿੱਚ ਕੇਸ ਦਰਜ ਹੋਣ ਪਿੱਛੋਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ। ਇਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਤਿੰਨ ਵਾਰ ਤਾਂ ਡੀਜੀਪੀ ਬਦਲ ਦਿੱਤਾ ਹੈ। ਇਸ ਸਿਰਫ ਬਾਦਲਾਂ ਅਤੇ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਣ ਲਈ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਉਂ ਔਖੇ ਹੁੰਦੇ ਹੋ, ਮੈਨੂੰ ਹੀ ਗ੍ਰਿਫਤਾਰ ਕਰ ਲਉ, ਮੈਂ ਤਿਆਰ ਬੈਠਾ ਹਾਂ। ਇਨ੍ਹਾਂ ਨੇ ਤਾਂ ਮੇਰੀ ਪਤਨੀ ਉੱਤੇ ਵੀ ਪਰਚਾ ਦਰਜ ਕੀਤਾ ਹੈ। ਬਾਦਲ ਨੇ ਕਿਹਾ ਕਿ ਬਦਲੇ ਦੀ ਰਾਜਨੀਤੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਵੀ ਸੈਂਕੜੇ ਪਰਚੇ ਦਰਜ ਹਨ। ਇਹ ਸਾਡੇ ਵਾਸਤੇ ਨਵੀਂ ਗੱਲ ਨਹੀਂ। ਅਸੀਂ ਲੜਾਈ ਲੜਾਂਗੇ।