Punjab

ਨਰਮੇ ਦਾ ਮੁਆਵਜ਼ਾ ਨਾ ਮਿਲਣ ‘ਤੇ ਨੌਜਵਾਨ ਨੇ ਜੀਵਨ ਲੀਲਾ ਖ਼ਤਮ ਕੀਤੀ

‘ਦ ਖਾਲਸ ਬਿਊਰੋ: ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਦੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਣ ਤੋਂ ਬਾਅਦ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ। ਅੱਧ-ਪਚੱਧੀ ਰਕਮ ਜਾਰੀ ਹੋਣ ਤੋਂ ਬਾਅਦ ਅਦਾਇਗੀ ਰੁਕ ਗਈ। ਖਰਾਬ ਨਰਮੇ ਦੀ ਫਸਲ ਦਾ ਕੋਈ ਮੁਆਵਜ਼ਾ ਨਾ ਮਿਲਣ ਤੋਂ ਦੁਖੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਇੱਕ ਨੌਜਵਾਨ ਕਿਸਾਨ ਨੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਹੈ।

ਮ੍ਰਿ ਤਕ ਨੌਜਵਾਨ ਕਿਸਾਨ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਸਦਾ ਬਾਪ ਪਹਿਲਾਂ ਹੀ ਦਮ ਤੋੜ ਚੁੱਕਾ ਹੈ। ਮ੍ਰਿ ਤਕ ਕਿਸਾਨ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਨਾਂ ਕੋਲ ਇੱਕ ਏਕੜ ਜ਼ਮੀਨ ਹੈ ਜਦਕਿ 7 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਨਰਮੇ ਦੀ ਫਸਲ ਬੀਜੀ ਗਈ ਸੀ, ਜੋ ਗੁਲਾਬੀ ਸੁੰਡੀ ਪੈਣ ਕਾਰਨ ਖ਼ਰਾਬ ਹੋ ਗਈ। ਇਸ ਕਾਰਨ ਜਸਪ੍ਰੀਤ ਸਿੰਘ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਨੁਕਸਾਨੀ ਫਸਲ ਦੇ ਮੁਆਵਜ਼ੇ ਕਾਰਨ ਉਸ ਨੂੰ ਆਸ ਬੱਝੀ ਸੀ ਕਿ ਨੁਕਸਾਨ ਦੀ ਕੁੱਝ ਪੂਰਤੀ ਸੰਭਵ ਹੋ ਸਕੇਗੀ ਪਰ ਫਸਲ ਖਰਾਬ ਹੋਣ ਦੇ ਢਾਈ ਮਹੀਨਿਆਂ ਬਾਅਦ ਤੱਕ ਵੀ ਸਰਕਾਰ ਕੋਲੋਂ ਕੋਈ ਮੁਆਵਜ਼ਾ ਨਾ ਮਿਲਦਾ ਦੇਖ ਕੇ ਆਖਿਰ ਜਸਪ੍ਰੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪਿੰਡ ਵਾਸੀਆਂ ਅਨੁਸਾਰ ਪੀੜਿਤ ਪਰਿਵਾਰ ਤੇ ਆੜ੍ਹਤੀਆਂ ਦਾ 9 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਜ਼ਮੀਨ ਵੇਚਣ ਤੇ ਆੜ੍ਹਤੀਆਂ ਨੇ ਕੋਰਟ ਰਾਹੀਂ ਰੋਕ ਲਗਾ ਰੱਖੀ ਹੈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਲਛਮਣ ਸਿੰਘ, ਯੂਨੀਅਨ ਆਗੂ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਨਾਲ ਦਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਕਿਸੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।