India Punjab

ਚੜੂਨੀ ਨੇ ਬਣਾਈ ਸਿਆਸੀ ਸੰਯੁਕਤ ਸੰਘਰਸ਼ ਪਾਰਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀਂ ਸਿਆਸੀ ਪਾਰਟੀ “ਸੰਯੁਕਤ ਸੰਘਰਸ਼ ਪਾਰਟੀ” ਰੱਖਿਆ ਹੈ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਚੜੂਨੀ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਦੇਸ਼ ਵਿੱਚ ਆਮ ਲੋਕਾਂ ਦੀ ਆਮਦਨ ਬਹੁਤ ਘੱਟ ਹੋ ਗਈ ਹੈ। ਭੁੱਖਮਰੀ ਨਾਲ ਭਾਰਤ 102ਵੇਂ ਨੰਬਰ ‘ਤੇ ਆ ਗਿਆ ਹੈ ਅਤੇ ਰਾਜਨੀਤੀ ਦੂਸ਼ਿਤ ਹੋ ਗਈ ਹੈ। ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ਵਿੱਚ ਬਦਲਾਅ ਦੀ ਗੱਲ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ ਅਤੇ ਪਾਰਟੀ ਧਰਮ ਅਤੇ ਜਾਤੀ ਤੋਂ ਨਿਰਪੱਖ ਰਹੇਗੀ।

ਸੰਯੁਕਤ ਸੰਘਰਸ਼ ਪਾਰਟੀ ਦੇ ਸਰਪ੍ਰਸਤ ਗੁਰਨਾਮ ਸਿੰਘ ਚੜੂਨੀ ਹੋਣਗੇ।

ਚੜੂਨੀ ਨੇ ਕਿਹਾ ਕਿ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਬੈਨਰ ਹੇਠ ਪੂਰੇ ਪੰਜਾਬ ਨੂੰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਬਣਾਈ ਦਲ-ਦਲ ਵਿੱਚੋਂ ਕੱਢਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਿਆਸੀ ਲੋਕਾਂ ਨੇ ਪੰਜਾਬ ਨੂੰ ਲਾਰਿਆਂ ਵਿੱਚ ਸੁੱਟ ਕੇ ਭਿਖਾਰੀ ਬਣਾ ਦਿੱਤਾ ਹੈ। ਪੰਜਾਬ ‘ਤੇ ਹੋਏ ਕਰਜ਼ੇ ਸਬੰਧੀ ਕੋਈ ਵੀ ਰਵਾਇਤੀ ਸਿਆਸੀ ਪਾਰਟੀ ਗੰਭੀਰ ਨਹੀਂ ਹੈ। ਪੰਜਾਬ ਦੀ ਕਿਸਾਨੀ ਤੇ ਕਰਜ਼ੇ ਸਬੰਧੀ ਪੰਜਾਬ ਦੀ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਸਾਰਾ ਕਰਜ਼ਾ ਮੁਆਫ਼ ਕਰ ਦੇਣਗੇ ਪਰ ਸੱਤਾ ਹਾਸਲ ਹੁੰਦਿਆਂ ਹੀ ਸਾਰਾ ਕੁੱਝ ਭੁੱਲ ਗਏ ਹਨ, ਕਿਸਾਨ ਖੁਦਕੁਸ਼ੀਆਂ ਵੱਧ ਰਹੀਆਂ ਹਨ ਪਰ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ ਰੋਟੀਆਂ ਸੇਕ ਰਹੇ ਹਨ। ਚੌਂਕਾਂ ‘ਤੇ ਖੜੇ ਮਜ਼ਦੂਰੀ ਲਈ ਉਡੀਕ ਕਰਦੇ ਮਜ਼ਦੂਰਾਂ ਦਾ ਦਰਦ ਕਦੇ ਵੀ ਰਵਾਇਤੀ ਸਿਆਸੀ ਪਾਰਟੀਆਂ ਨੇ ਨਹੀਂ ਜਾਣਿਆ ਕਿ ਜਦੋਂ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ ਤਾਂ ਉਹ ਕਿੱਦਾਂ ਗੁਜ਼ਾਰਾ ਕਰਦੇ ਹਨ।

ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਲਈ ਵੀ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਕਾਂਗਰਸ ਨੇ ਇਸ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਬਾਰੇ ਵੀ ਬਾਦਲ ਦਲ ਗੰਭੀਰ ਨਹੀਂ ਹੈ। ਚੜੂਨੀ ਨੇ ਕਿਹਾ ਕਿ ਦਲਿਤਾਂ ‘ਤੇ ਸਿਆਸਤ ਕੀਤੀ ਜਾ ਰਹੀ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਦਲਿਤਾਂ ਲਈ ਸਿੱਖਿਆ, ਰੁਜ਼ਗਾਰ, ਦਲਿਤਾਂ ਦੀ ਭਲਾਈ ਲਈ ਸਾਰਥਕ ਸਕੀਮਾਂ ਬਣਾਉਣ ਵੱਲ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ। ਚੜੂਨੀ ਨੇ ਕਿਹਾ ਕਿ ਲੋੜਵੰਦਾ ਦੀ ਪੜ੍ਹਾਈ ਤੇ ਇਲਾਜ ਮੁਫਤ ਕੀਤਾ ਜਾਵੇਗਾ, ਵਿਦੇਸ਼ੀ ਜਾਣ ਵਾਲੇ ਨੌਜਵਾਨਾਂ ਨੂੰ ਏਜੰਟਾਂ, ਏਜੰਸੀਆਂ ਦੀ ਲੁੱਟ ਤੋਂ ਬਚਾਉਣ ਲਈ ਸਾਡੀ ਸਰਕਾਰ ਵਧੀਆ ਪ੍ਰਣਾਲੀ ਤਿਆਰ ਕਰੇਗੀ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾ ਦਿਆਂਗੇ, ਨਸ਼ੇ ਦਾ ਖਤਮਾ ਕਰਨ ਲਈ ਅਧਿਕਾਰੀਆਂ ਦੀਆਂ ਜਿੰਮੇਵਾਰੀਆਂ ਤੈਅ ਹੋਣਗੀਆਂ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਤੇ ਖੇਤੀ ਨੂੰ ਲਾਹੇਵੰਦੀ ਲਈ ਪੈਦਾ ਕਰਨ ਤੋ਼ ਲੈ ਕੇ ਉਪਭੋਗਤਾ ਅਤੇ ਵੇਚਣ ਤੱਕ ਸਾਰੇ ਕਾਰੋਬਾਰ ਕਿਸਾਨਾਂ ਦੇ ਹੱਥ ਦਿੱਤੇ ਜਾਣਗੇ, ਸ਼ਹਿਰੀ ਵਪਾਰੀ, ਕਾਰੋਬਾਰੀ ਦੁਕਾਨਦਾਰ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਤੇ ਵੱਡੇ ਪੂੰਜੀਪਤੀਆਂ ਤੋਂ ਬਚਾਇਆ ਜਾਵੇਗਾ। ਪੰਜਾਬ ਦੇ ਪਾਣੀਆਂ ਨੂੰ ਸ਼ੁੱਧ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ, ਸਾਰੇ ਬਰਸਾਤੀ ਪਾਣੀ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਪੰਜਾਬ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕੇ।

ਚੜੂਨੀ ਨੇ ਕਿਹਾ ਕਿ ਅਸੀਂ ਜੋ ਮਿਸ਼ਨ ਪੰਜਾਬ ਲੈ ਕੇ ਚੱਲੇ ਹਾਂ ਅਤੇ ਉਸ ਅਧੀਨ ਇੱਕ ਸਿਆਸੀ ਪਾਰਟੀ ਬਣਾ ਰਹੇ ਹਾਂ, ਉਸ ਰਾਹੀਂ ਅਸੀਂ ਪੰਜਾਬੀਆਂ ਕੋਲ ਜਾਵਾਂਗੇ ਤੇ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਨਹੀਂ ਸਗੋਂ ਕਿਸਾਨਾਂ ਦੇ ਪੁੱਤ ਹੋ ਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਸਾਨੂੰ ਪਤਾ ਹੈ ਕਿ ਚੋਣ ਬਹੁਤ ਮਹਿੰਗੀ ਹੋ ਗਈ ਹੈ, ਪਰ ਮੈਨੂੰ ਪਤਾ ਹੈ ਕਿ ਪੰਜਾਬੀ ਸਾਨੂੰ ਵੋਟ ਪਾ ਕੇ ਅਸਲ ਵਿੱਚ ਖ਼ੁਦ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇਸ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਅਸੀਂ ਪੰਜਾਬੀ ਹਾਂ, ਅਸੀਂ ਐਲਾਨ ਨਹੀਂ ਕਰਾਂਗੇ ਸਗੋਂ ਪੰਜਾਬ ਦੀ ਰੂਹ ਨੂੰ ਚਮਕਾਉਣ ਲਈ ਕੰਮ ਕਰਾਂਗੇ, ਜਿਸ ਲਈ ਸਾਨੂੰ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ। ਸਾਡੀ ਪਾਰਟੀ ਧਰਮ ਨਿਰਪੱਖ ਤੇ ਜਾਤੀ ਨਿਰਪੱਖ ਰਹਿ ਕੇ ਸਮਾਜ ਦੇ ਹਰ ਵਰਗ ਲਈ ਕੰਮ ਕਰੇਗੀ।