‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਵਿਧਾਇਕ ਆਰ ਰਮੇਸ਼ ਕੁਮਾਰ ਵੱਲੋਂ ਵਿਧਾਨ ਸਭਾ ਵਿੱਚ ਔਰਤਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਨੇ ਔਰਤਾਂ ‘ਤੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ ਕਿ”ਜੇਕਰ ਬਲਾਤਕਾਰ ਹੋਣਾ ਹੀ ਹੈ ਤਾਂ ਲੇਟੋ ਤੇ ਮਜ਼ੇ ਲਵੋ।” ਆਪਣੀ ਇਸ ਟਿੱਪਣੀ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਹਾਲਾਂਕਿ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ। ਆਪਣੇ ਬਲਾਤਕਾਰ ਵਾਲੇ ਬਿਆਨ ਨੂੰ ਲੈ ਕੇ ਵਿਧਾਇਕ ਨੇ ਮੁਆਫੀ ਮੰਗਦਿਆਂ ਕਿਹਾ ਕਿ ਮੈਨੂੰ ਮੁਆਫੀ ਮੰਗਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਦੋਂ ਤਾਂ ਹੈਰਾਨੀ ਦੀ ਹੱਦ ਹੀ ਖਤਮ ਹੋ ਗਈ ਜਦੋਂ ਵਿਧਾਨ ਸਭਾ ਦੇ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਵਿਧਾਇਕ ਦੀ ਟਿੱਪਣੀ ਉੱਤੇ ਹੱਸ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਸਨੇ ਹੁਣ ਮੁਆਫੀ ਮੰਗ ਲਈ ਹੈ, ਇਸ ਲਈ ਇਸਨੂੰ ਹੁਣ ਵਧਾਵਾ ਨਾ ਦਿੱਤਾ ਜਾਵੇ। ਵਿਧਾਇਕ ਦੀ ਇਸ ਵਿਵਾਦਿਤ ਟਿੱਪਣੀ ਤੋਂ ਬਾਅਦ ਦਿੱਲੀ ਸਥਿਤ NGO ਸੋਸਾਇਟੀ ਫਾਰ ਸਕਿਓਰਿੰਗ ਜਸਟਿਸ ਵੱਲੋਂ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਆਪਣੀ ਬਲਾਤਕਾਰ ਵਾਲੀ ਟਿੱਪਣੀ ‘ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਵਿਧਾਇਕ ਰਮੇਸ਼ ਕੁਮਾਰ ਨੇ ਮੁਆਫੀ ਮੰਗਦਿਆਂ ਕਿਹਾ ਕਿ ਜੇਕਰ ਇਸ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਨੂੰ ਮੁਆਫੀ ਮੰਗਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਮੈਂ ਦਿਲੋਂ ਮੁਆਫੀ ਮੰਗਦਾ ਹਾਂ।
ਤੁਹਾਨੂੰ ਦੱਸ ਦੇਈਏ ਕਿ ਰਮੇਸ਼ ਕੁਮਾਰ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਵਿਧਾਨ ਸਭਾ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਕੋਲ ਸਮਾਂ ਘੱਟ ਸੀ ਅਤੇ ਉਨ੍ਹਾਂ ਨੇ ਸ਼ਾਮ 6 ਵਜੇ ਤੱਕ ਚਰਚਾ ਖਤਮ ਕਰਨੀ ਸੀ ਪਰ ਵਿਧਾਇਕ ਵਾਰ-ਵਾਰ ਸਮਾਂ ਵਧਾਉਣ ਦੀ ਗੱਲ ਕਰ ਰਹੇ ਸਨ। ਉਸ ਸਮੇਂ ਕਾਗੇਰੀ ਨੇ ਕਿਹਾ ਸੀ ਕਿ ਮੈਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਮੈਂ ਮਜ਼ਾ ਲੈਣਾ ਹੈ ਅਤੇ ਹਾਂ, ਹਾਂ ਕਰਨਾ ਹੈ । ਇਹੀ ਮੈਂ ਮਹਿਸੂਸ ਕਰਦਾ ਹਾਂ। ਮੈਨੂੰ ਸਥਿਤੀ ਨੂੰ ਕੰਟਰੋਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਵਿਵਸਥਿਤ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਹੈ। ਕਾਗੇਰੀ ਦੇ ਇਸ ਬਿਆਨ ਤੋਂ ਬਾਅਦ ਸਾਬਕਾ ਮੰਤਰੀ ਰਮੇਸ਼ ਕੁਮਾਰ ਨੇ ਕਿਹਾ, ‘ਦੇਖੋ, ਇੱਕ ਕਹਾਵਤ ਹੈ- ‘ਜਦੋਂ ਬਲਾਤਕਾਰ ਹੋਣਾ ਹੀ ਹੈ ਤਾਂ ਲੇਟ ਜਾਓ ਅਤੇ ਮਜ਼ੇ ਲਵੋ ।’ ਤੁਸੀਂ ਬਿਲਕੁਲ ਇਸ ਸਥਿਤੀ ਵਿੱਚ ਹੋ। ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।