India Punjab

ਟੋਲ ਮਹਿੰਗੇ ਕਰਨ ਖਿਲਾਫ ਉਗਰਾਹਾਂ ਜਥੇਬੰਦੀ ਦਾ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਾਸੀਆਂ ਨੂੰ ਕਿਸਾਨਾਂ ਨੇ ਵੱਡਾ ਤੋਹਫਾ ਦਿੰਦਿਆਂ ਪੰਜਾਬ ਵਿੱਚ ਟੋਲ ਪਲਾਜ਼ਿਆਂ ਤੋਂ ਧਰਨੇ ਨਾ ਚੁੱਕਣ ਦਾ ਐਲਾਨ ਕੀਤਾ ਹੈ। ਉਗਰਾਹਾਂ ਜਥੇਬੰਦੀ ਨੇ ਟੋਲ ਮਹਿੰਗੇ ਕਰਨ ਖਿਲਾਫ ਫੈਸਲਾ ਲੈਂਦਿਆਂ ਕਿਹਾ ਕਿ ਰੇਟ ਪਹਿਲਾਂ ਜਿੰਨੇ ਕਰਨ ਤੱਕ ਪੰਜਾਬ ‘ਚ ਟੋਲ ਪਲਾਜ਼ਿਆਂ ਤੋਂ ਧਰਨੇ ਨਹੀਂ ਚੁੱਕੇ ਜਾਣਗੇ।

ਤੁਹਾਨੂੰ ਦੱਸ ਦੇਈਏ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹੋਰ ਮੰਗਾਂ ਮੰਨਣ ਪਿੱਛੋਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਕਿਸਾਨ ਵਾਪਸ ਆਪਣੇ ਘਰਾਂ ਨੂੰ ਵੀ ਚਲੇ ਗਏ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੱਲ੍ਹ 15 ਦਸੰਬਰ ਨੂੰ ਟੋਲ ਪਲਾਜਿਆਂ ਤੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਟੋਲ ਪਲਾਜਿਆਂ ਦੀ ਦੁੱਗਣੀ ਫੀਸ ਹੋਣ ਕਰਕੇ ਟੋਲ ਪਲਾਜਿਆਂ ਤੋਂ ਮੋਰਚੇ ਓਨਾ ਚਿਰ ਨਹੀਂ ਉਠਾਏ ਜਾਣਗੇ ਜਿੰਨਾ ਚਿਰ ਟੋਲਾਂ ਦੀਆਂ ਫੀਸਾਂ ਪਹਿਲਾਂ ਜਿਨੀਆਂ ਨਹੀਂ ਕਰਨਗੇ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਇੱਕ ਸਾਲ ਵਿੱਚ ਪਿਆ ਘਾਟਾ ਦੁੱਗਣੀ ਫੀਸ ਕਰਕੇ ਵਸੂਲਣਾ ਚਾਹੁੰਦੇ ਹਨ। ਇਸ ਲਈ ਕਿਸਾਨ ਟੋਲ ਪਲਾਜਿਆਂ ਉੱਤੇ ਡਟੇ ਰਹਿਣਗੇ, ਜਿੰਨਾ ਚਿਰ ਸਰਕਾਰ ਭਰੋਸਾ ਨਹੀਂ ਦਿੰਦੀ ਕਿ ਟੋਲ ਫੀਸ ਪਹਿਲਾਂ ਜਿੰਨੀ ਹੀ ਰਹੇਗੀ।