‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਮੋਗਾ ਦੇ ਪਿੰਡ ਕਿੱਲੀ ਚਹਿਲਾ ਵਿਖੇ ਅੱਜ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਹੋਏ। 14 ਦਸੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਮੋਗਾ ਦੀ ਰੈਲੀ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਸ਼ਾਂਤੀ, ਫਿਰਕੂ ਸਦਭਾਵਨਾ ਦੇ ਦੌਰ ਦੀ ਸ਼ੁਰੂਆਤ ਦਾ ਮੁੱਢ ਬੰਨ੍ਹੇਗੀ। ਇਸ ਰੈਲੀ ਵਿੱਚ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਡਾ.ਦਲਜੀਤ ਸਿੰਘ ਚੀਮਾ ਸਮੇਤ ਸਾਰੇ ਅਕਾਲੀ ਲੀਡਰ ਮੌਜੂਦ ਸਨ। ਡਾ. ਦਲਜੀਤ ਸਿੰਘ ਚੀਮਾ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਹਰ ਕੋਈ ਗਰੀਬ ਦੀ, ਕਿਸਾਨਾਂ ਦੀ ਪਾਰਟੀ ਕਹਿੰਦੇ ਹਨ। ਅਕਾਲੀ ਦਲ ਨੇ ਪੰਜਾਬ ਲਈ ਸ਼ਹਾਦਤਾਂ ਦਿੱਤੀਆਂ ਹਨ। ਅਕਾਲੀ ਦਲ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਲਈ ਲੜਿਆ ਹੈ। ਜੇ ਅੱਜ ਗਰੀਬ ਨੂੰ ਆਟਾ ਦਾਲ ਮਿਲ ਰਿਹਾ ਹੈ ਤਾਂ ਉਹ ਅਕਾਲੀ ਦਲ ਕਰਕੇ ਮਿਲ ਰਿਹਾ ਹੈ। ਪੰਜਾਬ ਤਰੱਕੀ ਤਾਂ ਕਰੂ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ। ਪੰਜਾਬ ਵਿੱਚ ਸਾਰੇ ਪਰਿਵਾਰਾਂ ਲਈ ਬਿਜਲੀ ਦੀਆਂ 400 ਯੂਨਿਟ ਮੁਫ਼ਤ ਹੋਣਗੀਆਂ ਜਿਸ ਨਾਲ ਕਰੀਬ 80 ਫੀਸਦ ਲੋਕਾਂ ਨੂੰ ਫਾਇਦਾ ਹੋਵੇਗਾ।
ਚੋਣਾਂ ਦੀ ਲੜਾਈ ਵਿੱਚ ਹੁਣ ਚਾਰ ਫਰੰਟ ਬਣ ਗਏ ਹਨ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਫਰੰਟ ਹੈ। ਬਸਪਾ ਵੀ ਪੰਜਾਬ ਦੀ ਪਾਰਟੀ ਹੈ, ਇਸਦਾ ਜਨਮ ਪੰਜਾਬ ਵਿੱਚ ਹੋਇਆ ਹੈ। ਕੀ ਸੋਨੀਆ ਗਾਂਧੀ ਤੁਹਾਡੇ ਲਈ ਲੜਾਈ ਕਰੇਗੀ ਜਿਸਦੀ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਤੋਪਾਂ, ਟੈਂਕਾਂ ਦੇ ਨਾਲ ਹਮਲਾ ਕੀਤਾ ਸੀ। ਆਪ ਦਿੱਲੀ ਦੀ ਪਾਰਟੀ ਹੈ। ਪੰਜਾਬ ਅਤੇ ਪੰਥ ਦੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਅਸੀਂ ਆਪਣੇ 13 ਨੁਕਾਤੀ ਪ੍ਰੋਗਰਾਮ ਲੈ ਕੇ ਆਏ ਹਾਂ, ਇਹ ਸਿਰਫ਼ ਵੋਟਾਂ ਕਰਕੇ ਨਹੀਂ ਸਾਨੂੰ ਪਤਾ ਹੈ ਕਿ ਇਨ੍ਹਾਂ ਦੀ ਲੋੜ ਹੈ। ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ, ਇਸ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ।
ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕਰਵਾਇਆ ਜਾਵੇਗਾ। ਫਸਲ ਖਰਾਬ ਹੋਣ 50 ਹਜ਼ਾਰ ਰੁਪਏ ਪ੍ਰਤੀ ਏਕੜ ਮਿਲੇਗਾ। ਜਿੰਨੇ ਵੀ ਧਾਰਮਿਕ ਸਥਾਨ ਹਨ ਜਿਵੇਂ ਗੁਰਦੁਆਰਾ, ਗਿਰਜਾ ਘਰ, ਚਰਚ ਆਦਿ ਵਿੱਚ ਬਿਜਲੀ ਮੁਫਤ ਦੇਵਾਂਗੇ। 2004 ਤੋਂ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਵੀ ਲਾਗੂ ਕਰਾਂਗੇ। ਪੰਜਾਬ ਵਿੱਚ ਸ਼ਰਾਬ ਮਾਫੀਆ ਖਤਮ ਕਰਨ ਵਾਸਤੇ ਅਸੀਂ ਪੰਜਾਬ ਵਿੱਚ ਸਰਕਾਰੀ ਕਾਰੋਪੇਰਸ਼ਨ ਬਣਾਵਾਂਗੇ। ਇੱਕ ਦੁਕਾਨ ਇੱਕ ਠੇਕੇਦਾਰ ਨੂੰ ਦਿੱਤੀ ਜਾਵੇਗੀ। ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਾਂਗੇ।
ਜਿਹੜਾ ਨੌਜਵਾਨ ਬੱਚਾ-ਬੱਚੀ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਚਾਹੁੰਦਾ ਹੈ, ਉਸ ਨੂੰ 5 ਲੱਖ ਰੁਪਏ ਤੱਕ ਲੋਨ ਦਿੱਤਾ ਜਾਵੇਗਾ। 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇਗਾ, ਜਿਸ ਦਾ ਪ੍ਰੀਮੀਅਮ ਪੰਜਾਬ ਸਰਕਾਰ ਭਰੇਗੀ। ਪੰਜਾਬ ਦੇ ਸਾਰੇ ਕਾਲਜਾਂ ਵਿੱਚ 33 ਫੀਸਦ ਸੀਟਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚਿਆਂ ਦੀ ਰਾਂਖਵੀਆਂ ਰੱਖੀਆਂ ਜਾਣਗੀਆਂ। ਛੋਟੇ ਵਪਾਰੀਆਂ ਲਈ 10 ਲੱਖ ਰੁਪਏ ਦਾ ਜਾਨ ਦਾ ਬੀਮਾ ਕਰਵਾਇਆ ਜਾਵੇਗਾ, ਅਤੇ ਨਾਲ ਹੀ ਉਸ ਦੀ ਦੁਕਾਨ ਦਾ ਵੀ ਬੀਮਾ ਕਰਵਾਇਆ ਜਾਵੇਗਾ। ਜਦੋਂ ਸਰਕਾਰ ਬਣੀ ਤਾਂ 50 ਹਜ਼ਾਰ ਪ੍ਰਤੀ ਏਕੜ ਫਸਲਾਂ ਦਾ ਬੀਮਾ ਕਰਵਾਇਆ ਜਾਵੇਗਾ। ਮੁਸਲਮਾਨ ਭਾਈਚਾਰੇ ਜਿੱਥੇ ਵੀ ਰਹਿੰਦੇ ਹਨ, ਉੱਥੇ ਉਨ੍ਹਾਂ ਲਈ ਕਬਰਿਸਤਾਨ ਬਣਾਏ ਜਾਣਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਸਹੁੰਆਂ ਖਾਣ ਵਾਲੇ ਹੀ ਠੱਗੀ ਮਾਰਦੇ ਹਨ। ਅਸੀਂ ਸਹੁੰਆਂ ਖਾ ਕੇ ਜਾਂ ਫਾਰਮ ਭਰ ਕੇ ਵਾਅਦੇ ਨਹੀਂ ਕਰਦੇ। ਅਸੀਂ ਸਰਕਾਰ ਆਉਣ ਉੱਤੇ ਬਿਜਲੀ ਦੇ ਮੁੱਦੇ, ਨੌਜਵਾਨਾਂ ਦੀ ਪੜਾਈ ਦਾ ਮੁੱਦੇ ਹੱਲ ਕੀਤੇ ਜਾਣਗੇ। ਗਰੀਬ ਵਿਦਿਆਰਥੀਆਂ ਜਾਂ ਫਿਰ ਜੋ ਕਿਸੇ ਕਾਰਨ ਫੀਸ ਦੇਣ ਤੋਂ ਅਸਮਰੱਥ ਹਨ, ਉਨ੍ਹਾਂ ਲਈ ਸਟੂਡੈਂਟ ਕਾਰਡ ਬਣਾਇਆ ਜਾਵੇਗਾ ਅਤੇ ਇਸ ਨਾਲ ਸਿੱਧੀ ਫੀਸ ਉਸਦੇ ਕਾਲਜ ਵਿੱਚ ਜਾਵੇਗੀ। ਜਦੋਂ ਵਿਦਿਆਰਥੀ ਨੌਕਰੀ ਉੱਤੇ ਲ਼ੱਗ ਜਾਵੇਗਾ, ਉਦੋਂ ਉਹ 15 ਸਾਲਾਂ ਵਿੱਚ ਸਰਕਾਰ ਦੇ ਪੈਸੇ ਮੋੜ ਸਕਦਾ ਹੈ ਅਤੇ ਉਸ ਉੱਤੇ ਕੋਈ ਵੀ ਵਿਆਜ ਨਹੀਂ ਲੱਗੇਗਾ। ਪ੍ਰਕਾਸ਼ ਸਿੰਘ ਬਾਦਲ ਦੇਸ ਵਿੱਚ ਕਿਸਾਨਾਂ ਦੇ ਕੁਝ ਚੋਣਵੇਂ ਕਿਸਾਨ ਆਗੂਆਂ ਵਿੱਚੋਂ ਹਨ।