‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਅਤੇ ਬਾਕੀ ਮੰਗਾਂ ਮੰਨਵਾ ਕੇ ਦਿੱਲੀ ਜਿੱਤ ਕੇ ਜੇਤੂ ਫਤਿਹ ਮਾਰਚ ਕਰਦੇ ਹੋਏ ਕਿਸਾਨ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੱਡੇ ਕਾਫ਼ਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਉਨ੍ਹਾਂ ਦੇ ਨਾਲ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਵੀ ਮੌਜੂਦ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚੀ ਸੰਗਤ ਵੱਲੋਂ ਕਿਸਾਨ ਲੀਡਰਾਂ ਦਾ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ ਹੈ। ਕਿਸਾਨ ਕਿਸਾਨੀ ਝੰਡੇ ਫੜ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਕਿਸਾਨਾਂ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ ਗਈ।
ਡਾ.ਸਵੈਮਾਨ ਸਿੰਘ ਵੀ ਵੱਡੇ ਕਾਫ਼ਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਡਾ.ਸਵੈਮਾਨ ਸਿੰਘ ਨੇ ਟਿਕਰੀ ਬਾਰਡਰ ‘ਤੇ ਕੈਲੇਫੋਰਨੀਆ ਪਿੰਡ ਬਣਾ ਕੇ ਕਿਸਾਨਾਂ ਨੂੰ ਲਗਾਤਾਰ ਡਾਕਟਰੀ ਸੇਵਾਵਾਂ ਦਿੱਤੀਆਂ ਹਨ। ਡਾ. ਸਵੈਮਾਨ ਸਿੰਘ ਇੱਕ ਸਾਲ ਪਹਿਲਾਂ ਅਮਰੀਕਾ ਤੋਂ ਵਾਪਸ ਆ ਕੇ ਕਿਸਾਨੀ ਸੰਘਰਸ਼ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਾਕੀ ਮੈਂਬਰ ਸਾਹਿਬਾਨਾਂ ਵੱਲੋਂ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।