India Punjab

ਕਿ ਸਾਨਾਂ ਦਾ ਆਖਰੀ ਜਥਾ ਵੀ ਅੱਜ ਦਿੱਲੀ ਤੋਂ ਪੰਜਾਬ ਲਈ ਹੋਇਆ ਰਵਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਗਈ ਹੈ। 11 ਦਸੰਬਰ ਤੋਂ ਕਿਸਾਨ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸ ਆ ਰਹੇ ਹਨ। ਪੰਜਾਬ ਵਿੱਚ ਕਿਸਾਨਾਂ ਦਾ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ ਹੈ। ਕੁੱਝ ਕਿਸਾਨ ਅੱਜ ਸਭ ਤੋਂ ਅਖੀਰ ‘ਤੇ ਦਿੱਲੀ ਮੋਰਚੇ ਤੋਂ ਵਾਪਸੀ ਕਰ ਰਹੇ ਹਨ। ਕਿਸਾਨ ਮੋਰਚੇ ਵਿੱਚ ਲਗਾਤਾਰ ਸੇਵਾਵਾਂ ਦੇ ਰਹੇ ਲਾਈਫ ਕੇਅਰ ਫਾਊਂਡੇਸ਼ਨ, ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦੇ ਵਲੰਟੀਅਰ, ਸਵੱਛ ਕਿਸਾਨ ਮੋਰਚਾ ਦੇ ਵਲੰਟੀਅਰ ਸਿੰਘੂ ਬਾਰਡਰ ‘ਤੇ ਅਰਦਾਸ ਕਰਨ ਉਪਰੰਤ ਉੱਥੋਂ ਅੱਜ ਸਵੇਰੇ ਪੰਜਾਬ ਲ਼ਈ ਰਵਾਨਾ ਹੋ ਗਏ ਹਨ।

ਅੱਜ ਸਵੇਰੇ ਮੋਰਚੇ ਤੋਂ ਤੁਰਨ ਵੇਲੇ ਸ਼ਹੀਦ ਭਗਤ ਸਿੰਘ ਦੀ ਦੋਹਤੀ ਵੱਲੋਂ ਸਾਰੇ ਕਿਸਾਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕਿਸਾਨਾਂ ਵੱਲੋਂ ਸਭ ਤੋਂ ਅਖੀਰ ‘ਤੇ ਤੁਰਨ ਦਾ ਫੈਸਲਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਭ ਤੋਂ ਪਹਿਲਾਂ ਸਾਰੇ ਕਿਸਾਨ ਉੱਥੋਂ ਰਵਾਨਾ ਹੋ ਜਾਣ ਤਾਂ ਜੋ ਅਗਰ ਕਿਸੇ ਵੀ ਕਿਸਾਨ ਨੂੰ ਕੋਈ ਐਮਰਜੈਂਸੀ ਲੋੜ ਪੈ ਜਾਵੇ ਤਾਂ ਉਹ ਉੱਥੇ ਉਪਲੱਬਧ ਹੋਣ। ਇਨ੍ਹਾਂ ਕਿਸਾਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਦੀ ਸਫ਼ਾਈ ਕੀਤੀ ਗਈ ਜਿੱਥੇ ਕਿਸਾਨਾਂ ਨੇ ਟੈਂਟ ਲਗਾਏ ਹੋਏ ਸਨ। ਇਨ੍ਹਾਂ ਦਾ ਕਹਿਣਾ ਸੀ ਕਿ ਉਹ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਦਿੱਲੀ ਵਿੱਚ ਖਿਲਾਰਾ ਪਾ ਕੇ ਚਲੇ ਗਏ ਹਨ। ਇਨ੍ਹਾਂ ਵਲੰਟੀਅਰਾਂ ਵੱਲੋਂ ਜੀਸੇਬੀ ਮਸ਼ੀਨਾਂ ਦੀ ਮਦਦ ਦੇ ਨਾਲ ਸੜਕਾਂ ਸਾਫ਼ ਕੀਤੀਆਂ ਗਈਆਂ, ਵੱਡੇ-ਵੱਡੇ ਪੱਥਰ ਹਟਾਏ ਗਏ। ਜਦੋਂ ਕਿਸਾਨ ਦਿੱਲੀ ਮੋਰਚੇ ਤੋਂ ਰਵਾਨਾ ਹੋਣ ਲੱਗੇ ਸੀ ਤਾਂ ਸਾਰੇ ਕਿਸਾਨ ਬਹੁਤ ਹੀ ਭਾਵੁਕ ਨਜ਼ਰ ਆਏ।