India Punjab

ਚੰਡੀਗੜ੍ਹ ਆਇਆ ਓਮੀਕਰੋਨ ਦਾ ਪਹਿਲਾ ਮਰੀਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਦਾ ਪਹਿਲਾ ਮਰੀਜ਼ ਆ ਗਿਆ ਹੈ। ਇਹ 20 ਸਾਲਾ ਨੌਜਵਾਨ ਇਟਲੀ ਤੋਂ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਹੈਰਾਨੀ ਦੀ ਗੱਲ ਹੈ ਕਿ ਉਕਤ ਨੌਜਵਾਨ ਨੂੰ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਈਆਂ ਹਨ। ਨੌਜਵਾਨ ਨੇ ਇਟਲੀ ਵਿੱਚ ਫਾਈਜ਼ਰ ਵੈਕਸੀਨ ਲਈ ਸੀ ਅਤੇ ਉਹ ਬਿਨਾਂ ਲੱਛਣਾਂ ਵਾਲਾ ਮਰੀਜ਼ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕੀਤਾ ਹੋਇਆ ਹੈ।

ਇਹ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਚੰਡੀਗੜ੍ਹ ਆਇਆ ਸੀ ਅਤੇ 1 ਦਸੰਬਰ ਨੂੰ ਕੋਵਿਡ ਪਾਜ਼ੀਟਿਵ ਆਇਆ ਸੀ। ਜਿਸ ਤੋਂ ਬਾਅਦ ਉਸਦੇ ਨਮੂਨੇ ਓਮੀਕਰੋਨ ਜਾਂਚ ਲਈ ਭੇਜੇ ਗਏ। ਹੁਣ ਨੌਜਵਾਨ ਦਾ ਦੁਬਾਰਾ ਸੈਂਪਲ ਲਿਆ ਗਿਆ ਹੈ, ਜਿਸ ਦੀ ਆਰਟੀ-ਪੀਸੀਆਰ ਜਾਂਚ ਕਰਵਾਈ ਜਾ ਰਹੀ ਹੈ। ਇਸ ਦੀ ਰਿਪੋਰਟ ਅੱਜ ਐਤਵਾਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਨੌਜਵਾਨ ਦੇ 7 ਉੱਚ ਜੋਖਮ ਵਾਲੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਸਿਹਤ ਵਿਭਾਗ ਮੁਤਾਬਕ ਨੌਜਵਾਨ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਉਸ ਨੂੰ ਹੋਮ ਕੁਆਰੰਟੀਨ ਵਿੱਚ ਰੱਖਿਆ ਗਿਆ ਸੀ। 1 ਦਸੰਬਰ ਨੂੰ ਨੌਜਵਾਨ ਦੁਬਾਰਾ ਜਾਂਚ ਤੋਂ ਬਾਅਦ ਪਾਜ਼ੀਟਿਵ ਆਇਆ ਸੀ। ਨਿਰਧਾਰਤ ਪ੍ਰੋਟੋਕੋਲ ਦੇ ਅਨੁਸਾਰ, ਨੌਜਵਾਨ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਕੋਵਿਡ ਦੇ ਓਮੀਕ੍ਰੋਨ ਵੈਰੀਐਂਟ ਦਾ ਪਤਾ ਲਗਾਉਣ ਲਈ ਇਸ ਦੇ ਨਮੂਨੇ ਜੀਨੋਮ ਸੀਕੁਏਂਸਿੰਗ ਟੈਸਟ ਲਈ ਦਿੱਲੀ ਭੇਜੇ ਗਏ ਸਨ।