‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਰਮਨੀ ’ਚ ਏਂਜੇਲਾ ਮਰਕੇਲ ਦਾ ਯੁੱਗ ਖ਼ਤਮ ਹੋ ਗਿਆ ਤੇ ਬੁੱਧਵਾਰ ਨੂੰ ਚਾਂਸਲਰ ਦੇ ਰੂਪ ’ਚ ਓਲੇਫ ਸ਼ਾਲਜ਼ (63) ਨੇ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਸ਼ਾਲਜ਼ ਨੂੰ ਚਾਂਸਲਰ ਚੁਣਿਆ। ਇਸ ਦੇ ਨਾਲ ਮਰਕੇਲ ਦਾ 16 ਸਾਲ ਦਾ ਅਨਵਰਤ ਸ਼ਾਸਨਕਾਲ ਪੂਰਾ ਹੋਇਆ। ਮਰਕੇਲ ਦੀ ਗਠਜੋੜ ਸਰਕਾਰ ’ਚ ਸ਼ਾਲਜ਼ ਵਾਈਸ ਚਾਂਸਲਰ ਤੇ ਵਿੱਤ ਮੰਤਰੀ ਦੇ ਰੂਪ ’ਚ ਕੰਮ ਕਰ ਰਹੇ ਸਨ।
ਜਰਮਨੀ ਦੀ ਸੰਸਦ ਨੇ ਹੇਠਲੇ ਸਦਨ ਬੰਡੇਸਟੈਗ ਦੇ ਪ੍ਰਧਾਨ ਬੇਰਬੇਲ ਬਾਸ ਮੁਤਾਬਕ ਕੁੱਲ 395 ਮੈਂਬਰਾਂ ਨੇ ਸ਼ਾਲਜ਼ ਦੀ ਹਮਾਇਤ ’ਚ ਵੋਟ ਦਿੱਤੀ। ਸੰਸਦ ਮੈਂਬਰਾਂ ਦੀ ਇਹ ਗਿਣਤੀ ਸਦਨ ਦਾ ਪੂਰਨ ਬਹੁਮਤ ਹੈ। ਸਦਨ ’ਚ ਚੋਣ ਦੇ ਐਲਾਨ ਤੋਂ ਬਾਅਦ ਬਲੈਕ ਫੇਸਮਾਸਕ ਪਹਿਨੇ ਸ਼ਾਲਜ਼ ਨੇ ਆਪਣੇ ਸਥਾਨ ’ਤੇ ਖੜ੍ਹੇ ਹੋ ਕੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਲਦਸਤੇ ਦਿੱਤੇ ਜਾਣ ਲੱਗੇ। ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਸਲਾਜ਼ ਨੂੰ ਸੇਬਾਂ ਨਾਲ ਭਰੀ ਇਕ ਟੋਕਰੀ ਵੀ ਦਿੱਤੀ।
ਜਰਮਨੀ ਦੀ ਲੋਕਤੰਤਰੀ ਪਰੰਪਰਾ ਮੁਤਾਬਕ ਰਾਸ਼ਟਰਪਤੀ ਫਰੈਂਕ ਵਾਲਟਰ ਸਟੀਮਿਅਰ ਨੇ ਬੇਲੇਵੂ ਪੈਲੇਸ ਤੋਂ ਓਲੇਫ ਸ਼ਾਲਜ਼ ਨੂੰ ਚਾਂਸਲਰ ਬਣਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਬੇਲਵੂ ਪੈਲੇਸ ਤੋਂ ਵਾਪਸ ਸੰਸਦ ਭਵਨ ਆ ਕੇ ਸ਼ਾਲਜ਼ ਨੇ ਸੰਸਦ ਮੈਂਬਰਾਂ ਸਾਹਮਣੇ ਸਹੁੰ ਚੁੱਕੀ। ਇਸ ਤੋਂ ਬਾਅਦ ਏਂਜੇਲਾ ਮਰਕੇਲ ਨੇ ਸ਼ਾਲਜ਼ ਨੂੰ ਚਾਂਸਲਰ ਦੇ ਅਹੁਦੇ ਦਾ ਕਾਰਜਭਾਰ ਸੌਂਪਿਆ। ਜਰਮਨੀ ’ਚ ਸੱਤਾ ਦੀ ਇਹ ਟਰਾਂਸਫਰ ਅਜਿਹੇ ਸਮੇਂ ਹੋਈ ਹੈ ਜਦੋਂ ਦੇਸ਼ ਕੋਵਿਡ-19 ਦੀ ਚੌਥੀ ਲਹਿਰ ਦਾ ਕਹਿਰ ਝੱਲ ਰਿਹਾ ਹੈ। ਰੋਜ਼ਾਨਾ ਰਿਕਾਰਡ ਗਿਣਤੀ ’ਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸ਼ਾਲਜ ਨੂੰ ਵਾਤਾਵਰਨ ਪ੍ਰੇਮੀ ਤੇ ਖਰਚ ਵਧਾਉਣ ਦੇ ਪੱਖ ਵਾਲੇ ਲੋਕਾਂ ਵੱਲੋਂ ਸਖ਼ਤ ਚੁਣੌਤੀ ਮਿਲਣ ਦੇ ਆਸਾਰ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ਾਲਜ ਵੱਖ-ਵੱਖ ਮੋਰਚਿਆਂ ’ਤੇ ਮਰਕੇਲ ਦੇ ਕੰਮ ਨੂੰ ਹੀ ਅੱਗੇ ਵਧਾਵਾਂਗੇ।