India Punjab

ਕੇਜਰੀਵਾਲ ਨੇ SC ਭਾਈਚਾਰੇ ਨੂੰ ਦਿੱਤੀਆਂ ਪੰਜ ਗਾਰੰਟੀਆਂ

‘ਦ ਖ਼ਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹੁਸ਼ਿਆਰਪੁਰ ਵਿੱਚ ਦਲਿਤ ਭਾਈਚਾਰੇ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਿਆਸੀ ਲੀਡਰਾਂ ਵੱਲੋਂ ਹਾਲੇ ਤੱਕ ਜਾਣਬੁੱਝ ਕੇ ਦਲਿਤ ਭਾਈਚਾਰੇ ਨੂੰ ਪਿੱਛੇ ਅਤੇ ਗਰੀਬ ਰੱਖਿਆ ਗਿਆ ਹੈ। ਹੁਣ ਤੱਕ ਹਰੇਕ ਪਾਰਟੀ ਨੇ ਐੱਸਸੀ ਭਾਈਚਾਰੇ ਦਾ ਇਸਤੇਮਾਲ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਬਹੁਤ ਬੁਰਾ ਹਾਲ ਹੈ। ਸਰਕਾਰੀ ਸਕੂਲਾਂ ਦਾ ਬੇੜਾ ਗਰਕ ਹੋਇਆ ਪਿਆ ਹੈ, ਗਰੀਬ ਬੱਚਾ ਕਿਵੇਂ ਪੜੇਗਾ। ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 99.07 ਫ਼ੀਸਦੀ ਨਤੀਜਾ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਢਾਈ ਲੱਖ ਬੱਚੇ ਪ੍ਰਾਈਵੇਟ ਤੋਂ ਹੱਟ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ। ਐੱਸਸੀ ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਨੇ ਫਾਰਮ ਭਰ ਕੇ ਰੁਜ਼ਗਾਰ ਨਹੀਂ ਦਿੱਤਾ। ਚੰਨੀ ਸਰਕਾਰ ਕਹਿੰਦੀ ਹੈ ਕਿ ਸਕੂਲ ਪਹਿਲਾਂ ਹੀ ਵਧੀਆ ਹਨ, ਸਰਕਾਰ ਦੀ ਸਕੂਲਾਂ ਦੀ ਹਾਲਤ ਸੁਧਾਰਨ ਦੀ ਮਨਸ਼ਾ ਹੀ ਨਹੀਂ ਹੈ।

ਕੇਜਰੀਵਾਲ ਦੀਆਂ ਦਲਿਤਾਂ ਨੂੰ ਪੰਜ ਗਾਰੰਟੀਆਂ :

  • ਪੰਜਾਬ ਦੇ ਐੱਸਸੀ ਭਾਈਚਾਰੇ ਦੇ ਇੱਕ-ਇੱਕ ਬੱਚੇ ਨੂੰ ਵਧੀਆ ਅਤੇ ਸ਼ਾਨਦਾਰ ਮੁਫਤ ਵਿੱਚ ਸਿੱਖਿਆ ਦਿੱਤੀ ਜਾਵੇਗੀ।
  • ਐੱਸਸੀ ਭਾਈਚਾਰੇ ਦਾ ਜੇਕਰ ਕੋਈ ਵੀ ਬੱਚਾ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਲਈ ਕੋਚਿੰਗ ਲੈਣਾ ਚਾਹੇਗਾ, ਉਸਦੀ ਸਾਰੀ ਫੀਸ ਪੰਜਾਬ ਸਰਕਾਰ ਦੇਵੇਗੀ।
  • ਅਗਰ ਐੱਸਸੀ ਭਾਈਚਾਰੇ ਦਾ ਕੋਈ ਵੀ ਬੱਚਾ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਨ ਲਈ ਵਿਦੇਸ਼ ਜਾਣਾ ਚਾਹੇਗਾ, ਉਸਦਾ ਸਾਰਾ ਖਰਚਾ ਪੰਜਾਬ ਸਰਕਾਰ ਦੇਵੇਗੀ।
  • ਐੱਸਸੀ ਭਾਈਚਾਰੇ ਦੇ ਪਰਿਵਾਰ ਵਿੱਚ ਜੇਕਰ ਕੋਈ ਵੀ ਬਿਮਾਰ ਹੋਵੇਗਾ, ਚਾਹੇ ਛੋਟੀ ਜਾਂ ਵੱਡੀ ਬਿਮਾਰੀ ਹੋਵੇ, ਪੰਜਾਬ ਸਰਕਾਰ ਸਾਰਾ ਖਰਚਾ ਦੇ ਕੇ ਇਲਾਜ ਕਰਵਾਏਗੀ।
  • 18 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਪਾਵੇਗੀ।

Comments are closed.