Punjab

ਸਿੱਧੂ ਤੋਂ ਬਾਅਦ ਚੰਨੀ ਵੱਲੋਂ ਪਾਕਿਸਤਾਨ ਨਾਲ ਵਪਾਰ ਦੀ ਵਕਾਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਾਣੀ ਰਸਤੇ ਵਪਾਰ ਹੋ ਸਕਦਾ ਤਾਂ ਸੜਕੀ ਰਸਤੇ ਕਿਉਂ ਨਹੀਂ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਵਪਾਰ ਵਿੱਚ ਰਾਜਨੀਤੀ ਨਾ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਉਹ ਵਪਾਰ ਖੋਲ੍ਹਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣਗੇ ਅਤੇ ਨਾਲ ਹੀ ਮੁਲਾਕਾਤ ਕਰਕੇ ਮੰਗ ਵੀ ਉਠਾਉਣਗੇ। ਮੁੱਖ ਮੰਤਰੀ ਅੱਜ ਅੰਮ੍ਰਿਤਸਰ ਵਿੱਚ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਸਿੰਗਲ ਵਿੰਡੋ ‘ਤੇ ਇੱਕ ਅਜਿਹੇ ਸਮਰੱਥ ਆਈਏਐੱਸ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਜਿਹੜਾ ਸਾਰੇ ਵਿਭਾਗਾਂ ਤੋਂ ਜਾਣਕਾਰੀ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰ ਸਕੇ। ਉਨ੍ਹਾਂ ਨੇ ਫੇਸਲੈੱਸ ਸਿਸਟਮ ਦੀ ਸ਼ੁਰੂਆਤ ਕਰਨ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਜਿਹੇ ਸਿਸਟਮ ਦੀ ਤਿਆਰੀ ਵਿੱਚ ਹਨ ਜਿਸਦੇ ਵਿੱਚ ਲੋਕਾਂ ਦੇ ਕੰਮਕਾਜ ਆਨਲਾਈਨ ਹੋ ਸਕਣ। ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਆਹਮੋ-ਸਾਹਮਣੇ ਹੋਣ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਹਨ। ਵਪਾਰੀਆਂ ਲਈ ਹੁਣ ਤੱਕ ਕੀਤੇ ਕੰਮਾਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵੈਟ ਦੇ ਲਮਕਦੇ 40 ਹਜ਼ਾਰ ਕੇਸਾਂ ਵਿੱਚੋਂ ਸਿਰਫ਼ 8 ਹਜ਼ਾਰ ਨੂੰ 30 ਫ਼ੀਸਦ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਜਦਕਿ ਬਾਕੀ ਸਾਰਿਆਂ ਦਾ ਬਿਨਾਂ ਕਿਸੇ ਅਦਾਇਗੀ ਦੇ ਨਿਪਟਾਰਾ ਕਰ ਦਿੱਤਾ ਗਿਆ ਹੈ। ਰਾਈਟ ਟੂ ਬਿਜ਼ਨਸ ਐਕਟ 2020 ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਮੌਜੂਦਾ ਕਾਰੋਬਾਰ ਨੂੰ ਵਧਾਉਣ ਲਈ ਸੀਐੱਲਯੂ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਭਰਮਾਉਣ ਲਈ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਰਿਹਾਇਸ਼ੀ ਖੇਤਰ ਦੀ ਬਿਜਲੀ ਸਸਤੀ ਕਰਨ ਤੋਂ ਬਾਅਦ ਉਹ ਸਨਅਤ ਨੂੰ ਘੱਟ ਦਰਾਂ ‘ਤੇ ਬਿਜਲੀ ਦੇਣ ਲਈ ਵਚਨਬੱਧ ਹਨ। ਉਨ੍ਹਾਂ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਵੀ ਦਿੱਲੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉੱਥੇ ਸਨਅਤਾਂ ਨੂੰ ਮਾਰਨ ਲਈ 12 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਇੱਕ ਹੋਰ ਮਹੱਤਵਪੂਰਨ ਗੱਲ ਜਿਸਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਉਹ ਇਹ ਹੈ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਦੇ ਖੇਤਰ ਵਿੱਚ ਕੋਈ ਵੱਡੀ ਆਸ ਨਹੀਂ ਰਹੀ ਅਤੇ ਸੂਬੇ ਦਾ ਵਿਕਾਸ ਸਨਅਤ ਦੇ ਵਿਕਾਸ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਪੜ੍ਹਾਈ ਦੇ ਸਿਲੇਬਸ ਨੂੰ ਸਨਅਤ ਅਨੁਸਾਰ ਢਾਲਣ ਦਾ ਭਰੋਸਾ ਵੀ ਦਿੱਤਾ ਤਾਂ ਜੋ ਮੈਨ ਪਾਵਰ ਦਾ ਸੰਕਟ ਨਾ ਆਵੇ। ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ ਕਾਂਗਰਸ ਪ੍ਰਾਨ ਨਵਜੋਤ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਮੁੱਖ ਮੰਤਰੀ ਨੂੰ ਬਹੁਤ ਵਧੀਆ – ਬਹੁਤ ਵਧੀਆ ਕਹਿ ਕੇ ਸ਼ਾਬਾਸ਼ ਦਿੱਤੀ।