Punjab

ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ – 2

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆ ਫਾਥੜੀਏ ਤੈਨੂੰ ਕੌਣ ਛੁਡਾਵੇ ਢੁਕਣ ਲੱਗੀ ਹੈ। ਆਪਣੇ 72 ਦਿਨਾਂ ਦੇ ਕਾਰਜਕਾਲ ਦੌਰਾਨ ਲਏ 60 ਅਹਿਮ ਫੈਸਲਿਆਂ ਬਾਰੇ ਇੱਕ ਪ੍ਰੈਸ ਕਾਨਫਰੰਸ ਛੱਡ ਕੇ ਵਿਰੋਧੀਆਂ ਅੱਗੇ ਸਬੂਤ ਪੇਸ਼ ਕਰਨ ਤੋਂ ਬਾਅਦ ਤਾਂ ਜਿਵੇਂ ਉਨ੍ਹਾਂ ਉੱਤੇ ਚਾਰੇ ਪਾਸਿਆਂ ਤੋਂ ਹਮਲੇ ਸ਼ੁਰੂ ਹੋ ਗਏ ਹਨ। ਇੱਕ ਸਿਆਸੀ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦਾ ਨਾਂ ਬਦਲ ਕੇ ਜਵਾਬਦੇਹ ਸਿੰਘ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਉਨ੍ਹਾਂ ਨੂੰ ਵਿਸ਼ਵਾਸਘਾਤ ਸਿੰਘ ਦਾ ਨਾਂ ਦਿੱਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਮੰਗ ਤਾਂ ਆਪਣੇ ਨਵੇਂ ਨਾਂ ਵਿਸ਼ਵਾਸਜੀਤ ਸਿੰਘ ਦੀ ਕੀਤੀ ਸੀ।

ਮੁੱਖ ਮੰਤਰੀ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਸੂਬੇ ਵਿੱਚ ਰੇਤ ਤਿੰਨ ਰੁਪਏ ਘਣ ਫੁੱਟ ਵਿਕਣ ਲੱਗੀ ਹੈ। ਟਰਾਂਸਪੋਰਟ ਰੇਟ ਹਾਲੇ ਤੱਕ ਤੈਅ ਨਾ ਹੋਣ ਕਰਕੇ ਭਾਅ ਹੇਠਾਂ-ਉੱਤੇ ਹੋ ਸਕਣ ਦੇ ਬਹਾਨੇ ਇੱਕ ਪਰਦਾ ਰੱਖ ਰਿਹਾ ਸੀ। ਉਂਝ ਉਨ੍ਹਾਂ ਨੇ ਇਹ ਆਫਰ ਤਾਂ ਦਿੱਤੀ ਸੀ ਕਿ ਜੇ ਕੋਈ ਰੇਤ ਵੱਧ ਭਾਅ ‘ਤੇ ਵੇਚਦਾ ਫੜਿਆ ਗਿਆ ਤਾਂ ਮੈਨੂੰ ਆ ਕੇ ਪੁੱਛ ਲਿਉ। ਦਾਅਵੇ ਦੇ ਦੋ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਦੇ ਕੁਆਰਡੀਨੇਟਰ ਰਾਘਵ ਚੱਢਾ ਨੇ ਮੁੱਖ ਮੰਤਰੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਸਟਿੰਗ ਆਪਰੇਸ਼ਨ ਕਰਕੇ ਗੈਰ ਕਾਨੂੰਨੀ ਖਣਨ ਤੋਂ ਪਰਦਾ ਚੁੱਕ ਦਿੱਤਾ। ਅਗਲੇ ਦਿਨ ਹੀ ਚੰਨੀ ਆਪ ਦੀ ਕੰਬਲੀ ਦੀ ਬੁੱਕਲ ਮਾਰ ਕੇ ਹਲਕੇ ਵਿੱਚ ਜਾ ਪਹੁੰਚੇ। ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ। ਉਨ੍ਹਾਂ ਨੇ ਰੇਤ ਦੇ ਕਾਰੋਬਾਰ ਵਿੱਚ ਲੱਗੇ ਠੇਕੇਦਾਰਾਂ ਅਤੇ ਉਨ੍ਹਾਂ ਦੇ ਸਟਾਫ਼ ਨੂੰ ਟੀਵੀ ‘ਤੇ ਲਾਈਵ ਲਿਆ ਕੇ ਇਹ ਵੀ ਕਹਾਇਆ ਕਿ ਰਾਘਵ ਚੱਢਾ ਦੇ ਦੋਸ਼ਾਂ ਦਾ ਕੋਈ ਆਧਾਰ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਾਲ ਹੀ ਇੱਕ ਬਿਆਨ ਦੇ ਕੇ ਮੁੱਖ ਮੰਤਰੀ ਦੇ ਦਾਅਵੇ ਦੀ ਫੂਕ ਕੱਢ ਦਿੱਤੀ। ਉਨ੍ਹਾਂ ਦਾ ਦਾਅਵਾ ਸੀ ਕਿ ਚੰਨੀ ਪਿੰਡ ਜਿੰਦਪੁਰ ਜਿੱਥੇ ਰਾਘਵ ਨੇ ਸਟਿੰਗ ਆਪਰੇਸ਼ਨ ਕੀਤਾ ਸੀ, ਉੱਥੇ ਗਏ ਹੀ ਨਹੀਂ। ਚੰਨੀ ਦੇ ਦਾਅਵਿਆਂ ਬਾਰੇ ਇਸ ਘਟਨਾ ਨੂੰ ਸਿਆਸੀ ਪ੍ਰਸੰਗ ਵਿੱਚ ਵੇਖੀਏ ਤਾਂ ਦੋਸ਼ਾਂ ਦੀ ਰਾਜਨੀਤੀ ਕਹੀ ਜਾ ਸਕਦੀ ਹੈ। ਪਰ ਅਸਲੀਅਤ ਵਿੱਚ ਪੰਜਾਬ ਦਾ ਰੇਤਾ ਚੰਡੀਗੜ ਵਿੱਚ ਹਾਲੇ ਵੀ ਸੋਨੇ ਦੇ ਭਾਅ ਵਿਕ ਰਿਹਾ ਹੈ। ਇੱਥੇ ਦੱਸਣਾ ਇਹ ਵੀ ਜ਼ਰੂਰੀ ਹੋਵੇਗਾ ਕਿ ਚੰਡੀਗੜ੍ਹ ਕੋਲ ਰੇਤ ਦੀ ਆਪਣੀ ਕੋਈ ਖੱਡ ਨਹੀਂ ਪਰ ਉਹ ਸਾਰੀਆਂ ਧੜਾਧੜ ਚੱਲ਼ ਰਹੀਆਂ ਹਨ।

ਮੁਹਾਲੀ ਜਾਂ ਇਸਦੇ ਆਸ-ਪਾਸ ਦਾ ਗੇੜਾ ਲਾਈਏ ਤਾਂ ਵੀ ਰੇਤ ਅਤੇ ਬੱਜਰੀ ਜੇ ਸੋਨੇ ਦੇ ਭਾਅ ਨਹੀਂ ਵਿਕ ਰਹੇ ਤਾਂ ਰੇਹੜੀਆਂ ‘ਤੇ ਲੱਦ ਕੇ ਉਸਾਰੀ ਵਾਲੇ ਥਾਂਵਾਂ ‘ਤੇ ਭੇਜੇ ਜਾ ਰਹੇ ਰੇਹੜਿਆਂ ਦੇ ਰੇਟ ਸਾਢੇ ਪੰਜ ਰੁਪਏ ਫੁੱਟ ਤੋਂ ਵੱਧ ਜ਼ਰੂਰ ਹੈ।

ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਕੇ ਅਸਲੀ ਤਸਵੀਰ ਪੇਸ਼ ਕੀਤੀ ਤਾਂ ਵੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਤਿਲਮਿਲਾਉਣ ਲੱਗ ਪਏ ਸਨ। ਮੁੱਖ ਮੰਤਰੀ ਨੇ ਤਾਂ ਬਾਹਰਲਿਆਂ ਦੇ ਬਿਨਾਂ ਇਜਾਜਤ ਤੋਂ ਸਕੂਲਾਂ ਵਿੱਚ ਵੜਨ ‘ਤੇ ਰੋਕ ਲਗਾ ਦਿੱਤੀ ਸੀ ਪਰ ਰੇਤ ਦੀਆਂ ਖੱਡਾਂ ਦੁਆਲੇ ਚਾਰ ਦਿਵਾਰੀ ਨਹੀਂ ਅਤੇ ਨਾ ਹੀ ਗੈਰ-ਕਾਨੂੰਨੀ ਰੇਤ ਦੀਆਂ ਖੱਡਾਂ ਕਿਸੇ ਦੇ ਨਾਂ ਬੋਲਦੀਆਂ ਹਨ। ਕੁੱਲ ਮਿਲਾ ਕੇ ਕਹਿਣਾ ਪਵੇਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਘੱਟ ਸਮੇਂ ਵਿੱਚ ਕਾਫੀ ਕੁੱਝ ਕਰ ਗਏ ਹਨ ਅਤੇ ਕਰ ਵੀ ਰਹੇ ਹਨ। ਉਨ੍ਹਾਂ ਦੀ ਕਾਹਲ ਅਤੇ ਸੋਚ ਦਾ ਸਿਆਸੀ ਵਿਰੋਧ ਲਾਜ਼ਮੀ ਹੈ ਪਰ ਜਾਗਰੂਕ ਲੋਕਾਂ ਵੱਲੋਂ ਅਸਲੀਅਤ ਸਮਾਜ ਸਾਹਮਣੇ ਪੇਸ਼ ਕਰਨ ਦੀ ਡਿਊਟੀ ਵੀ ਓਨੀ ਜ਼ਰੂਰੀ ਹੈ। ਕਹਿਣਾ ਤਾਂ ਇਹ ਵੀ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਨੂੰ ਮੰਨ ਕੇ ਹੀ ਕਾਂਗਰਸ ਦੀ ਪ੍ਰਾਪਤੀ ਨਹੀਂ ਮੰਨੀ ਜਾ ਸਕਦੀ ਸਗੋਂ ਸਾਢੇ ਚਾਰ ਸਾਲ ਦੇ ਪੂਰੇ ਸਮੇਂ ਨੂੰ ਸਾਹਮਣੇ ਰੱਖਣਾ ਪਵੇਗਾ।

Comments are closed.