Punjab

ਸਾਬਕਾ ਡੀਜੀਪੀ ਵਿਰਕ ਸਮੇਤ 24 ਭਾਜਪਾ ਦੇ ਬੇੜੇ ‘ਚ ਹੋਏ ਸਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੋ ਦਰਜਨ ਦੇ ਕਰੀਬ ਹੋਰ ਜੱਟ ਸਿੱਖ ਚਿਹਰੇ ਬੀਜੇਪੀ ਦੀ ਬੇੜੀ ਵਿੱਚ ਸਵਾਰ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦਾ ਹੱਥ ਫੜਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਯੂਥ ਅਕਾਲੀ ਦਲ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਭੱਟੀ ਸਮੇਤ ਪੰਜਾਬ ਦੇ ਸਾਬਕਾ ਡੀਜੀਪੀ ਐੱਸਐੱਸ ਵਿਰਕ ਦੇ ਨਾਂ ਸ਼ਾਮਿਲ ਹਨ। ਜਿਹੜੇ ਵੱਖ ਵੱਖ ਹੋਰ ਨੇਤਾ ਬੀਜੇਪੀ ਵਿੱਚ ਸ਼ਾਮਿਲ ਹੋਏ, ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੀਰਾ, ਹਰਚਰਨ ਸਿੰਘ ਰਣੌਤਾ, ਮਨਵਿੰਦਰ ਸਿੰਘ ਰਣੌਤਾ, ਅਮਰਜੀਤ ਸਿੰਘ ਓਸਾਹਨ, ਮਨਪ੍ਰੀਤ ਸਿੰਘ, ਰਵਨੀਤ ਸਿੰਘ, ਸੁਰਿੰਦਰ ਸਿੰਘ ਵਿਰਦੀ, ਹਰਵਿੰਦਰ ਸਿੰਘ ਭੰਵਰ, ਨਰਿੰਦਰ ਕੁਮਾਰ, ਘਣਸ਼ਿਆਮ, ਪਰਵਿੰਦਰ ਸਿੰਘ ਸੋਹਲ, ਕੌਂਸਲਰ ਜਗਰੂਪ ਸਿੰਘ ਮਲੋਟ, ਜਸਵੰਤ ਸਿੰਘ, ਗੁਰਚਰਨ ਸਿੰਘ, ਕਰਮ ਸਿੰਘ ਰੇਣੂ, ਵਜ਼ੀਰ ਸਿੰਘ, ਉਂਕਾਰ ਸਿੰਘ, ਸੁਰਿੰਦਰ ਚੋਪੜਾ, ਕਰਨੈਲ ਸਿੰਘ ਅਤੇ ਕਮਲਜੀਤ ਸਿੰਘ ਦੇ ਨਾਂ ਦੱਸੇ ਜਾਂਦੇ ਹਨ।

ਸਰਬਜੀਤ ਸਿੰਘ ਮੱਕੜ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਕਿਸੇ ਵੇਲੇ ਕਾਫੀ ਨੇੜਤਾ ਰਹੀ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲੰਧਰ ਦੀ ਟਿਕਟ ਜਗਬੀਰ ਸਿੰਘ ਨੂੰ ਦੇਣ ਤੋਂ ਬਾਅਦ ਉਨ੍ਹਾਂ ਦੀ ਨਰਾਜ਼ਗੀ ਸ਼ੁਰੂ ਹੋ ਗਈ ਸੀ। ਅਵਤਾਰ ਸਿੰਘ ਜੀਰਾ ਦੇ ਪਿਤਾ ਹਰੀ ਸਿੰਘ ਜੀਰਾ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਿੱਚੋਂ ਇੱਕ ਹਨ। ਗੁਰਪ੍ਰੀਤ ਸਿੰਘ ਭੱਟੀ ਨੇ ਅਕਾਲੀ ਦਲ ਨਾਲੋਂ ਕਈ ਸਾਲ ਪਹਿਲਾਂ ਤੋੜ-ਵਿਛੋੜਾ ਕਰਕੇ ਪੀਪਲਜ਼ ਪਾਰਟੀ ਆਫ ਪੰਜਾਬ ਜੁਆਇਨ ਕਰ ਲਈ ਸੀ।