‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ 2022 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਕੰਵਰ ਸੰਧੂ ਨੇ ਆਪਣੇ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ, “ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਦਾ ਕੋਈ ਮੌਕਾ ਨਹੀਂ ਸੀ ਕਿਉਂਕਿ ਮੈਨੂੰ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ। ਦੂਜਾ, ਮੈਂ ਪਾਰਟੀ ਦੀ ਵਿਚਾਰਧਾਰਾ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਾਂ। ਪਿਛਲੇ ਕੁੱਝ ਦਿਨਾਂ ਤੋਂ ਕੁੱਝ ਖ਼ਬਰਾਂ ਆ ਰਹੀਆਂ ਸਨ ਕਿ ਮੈਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਵਾਂਗਾ, ਪਰ ਮੈਂ ਅਜਿਹਾ ਨਹੀਂ ਕਰਾਂਗਾ। ਮੇਰੀਆਂ ਪਰਿਵਾਰਕ ਸਮੱਸਿਆਵਾਂ ਵੀ ਚੋਣਾਂ ਨਾ ਲੜਨ ਦਾ ਕਾਰਨ ਹਨ।
ਕੰਵਰ ਸੰਧੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਮੈਂ ਅਤੇ ਕੁੱਝ ਹੋਰ ਲੋਕਾਂ ਨੇ ਛੇ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਤਾਂ ਜੋ ਪੰਜਾਬ ਵਿੱਚ ਕੋਈ ਬਦਲਾਅ ਆ ਸਕੇ ਪਰ ਅਜਿਹਾ ਨਹੀਂ ਹੋਇਆ। ਇਹ ਸਿਆਸਤ ਦਾ ਮੇਰਾ ਪਹਿਲਾ ਤਜ਼ਰਬਾ ਸੀ। ਮੈਂ ਜਦੋਂ ਰਾਜਨੀਤੀ ਵਿੱਚ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਦੋ ਤਰ੍ਹਾਂ ਦੇ ਵਿਧਾਇਕ ਹੁੰਦੇ ਹਨ, ਸੱਤਾਧਿਰ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਵਿਧਾਇਕ। ਸਾਰੇ ਸਾਲ ਵਿੱਚ ਵਿਧਾਨ ਸਭਾ ਦਾ ਇਜਲਾਸ ਸਾਰੇ ਸਾਲ ਵਿੱਚ 15 ਜਾਂ 16 ਵਾਰ ਹੁੰਦੇ ਰਹੇ ਹਨ ਪਰ ਉੱਥੇ ਵੀ ਵਿਧਾਇਕ ਆਪਣੀ ਗੱਲ਼ ਨਹੀਂ ਰੱਖ ਪਾਉਂਦਾ ਕਿਉਂਕਿ ਇਜਲਾਸ ਦੌਰਾਨ ਕਿੰਨਾ ਕਿੰਨਾ ਸਮਾਂ ਨਾਅਰੇਬਾਜ਼ੀ, ਹੁੱਲੜਬਾਜੀ, ਵਾਕ ਆਊਟ ਵਿੱਚ ਨਿਕਲ ਜਾਂਦਾ ਹੈ। ਵਿਧਾਇਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਕੰਵਰ ਸੰਧੂ ਨੇ ਸਰਕਾਰ ਨੂੰ ਹਰੇਕ ਵਿਧਾਇਕ ਦਾ ਦਫ਼ਤਰ ਬਣਾ ਕੇ ਦੇਣ ਦੀ ਮੰਗ ਕੀਤੀ ਹੈ। ਸੱਤਾਧਿਰ ਦੇ ਵਿਧਾਇਕਾਂ ਕੋਲ ਬਹੁਤ ਤਾਕਤਾਂ ਹੁੰਦੀਆਂ ਹਨ ਪਰ ਵਿਰੋਧੀ ਧਿਰ ਦਾ ਵਿਧਾਇਕ ਸਿਰਫ਼ ਨਾਅਰੇਬਾਜ਼ੀ ਜਾਂ ਭੋਗਾਂ ਵਿੱਚ ਜਾਣ ਜੋਗਾ ਹੀ ਰਹਿ ਜਾਂਦਾ ਹੈ।
ਕੰਵਰ ਸੰਧੂ ਨੇ ਕਿਹਾ ਕਿ ਮੈਨੂੰ ਪਿਛਲੇ ਚਾਰ ਸਾਲਾਂ ਤੋਂ ਮੁਅੱਤਲ ਕੀਤਾ ਹੋਇਆ ਹੈ। ਅੱਜਕੱਲ੍ਹ ਮੈਂ ਆਪ ਪਾਰਟੀ ਦੀਆਂ ਗਤੀਵਿਧੀਆਂ ਨਾਲ ਸਹਿਮਤ ਨਹੀਂ ਹੈ। ਇਹ ਪਾਰਟੀ ਪੰਜਾਬ ਸੁਧਾਰਨ ਦੀਆਂ ਗੱਲਾਂ ਕਰਦੀ ਹੈ ਪਰ ਇਸ ਪਾਰਟੀ ਨੂੰ ਪਹਿਲਾਂ ਆਪਣੇ ਗਰਿਮਾ ਵਿੱਚ ਝਾਕ ਕੇ ਵੇਖਣ ਦੀ ਲੋੜ ਹੈ। ਮੈਂ ਕਿਸੇ ਵੀ ਰਵਾਇਤੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਵਾਂਗਾ। ਕੰਵਰ ਸੰਧੂ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨਾਮਵਰ ਪੱਤਰਕਾਰ ਰਹੇ ਹਨ। ਉਨ੍ਹਾਂ ਨੇ ਇੰਡੀਅਨ ਐਕਸਪ੍ਰੈੱਸ ਤੋਂ ਬਿਨਾਂ ਹਿੰਦੁਸਤਾਨ ਟਾਈਮਜ਼ ਦੀ ਐਡੀਟਰੀ ਕੀਤੀ ਹੈ। ਉਹ ‘ਦ ਟ੍ਰਿਬਿਊਨ ਦੇ ਐਗਜ਼ੀਕਿਊਟਿਵ ਐਡੀਟਰ ਵੀ ਰਹੇ ਹਨ। ਡੇਅ ਨਾਈਟ ਚੈਨਲ ਦੇ ਉਹ ਬਾਨੀ ਐਡੀਟਰ ਰਹੇ ਹਨ।