Punjab

ਮੁੱਖ ਮੰਤਰੀ ਚੰਨੀ ਨੇ 70 ਦਿਨਾਂ ਦੀ ਕਾਰਗੁਜ਼ਾਰੀ ਦਾ ਪੇਸ਼ ਕੀਤਾ ਰਿਪੋਰਟ ਕਾਰਡ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ 70 ਦਿਨਾਂ ਦੇ ਕੰਮਾਂ ਦਾ ਬਿਓਰਾ ਪੇਸ਼ ਕਰਦਿਆਂ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਉਨ੍ਹਾਂ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਮੌਕੇ ਸਬੂਤਾਂ ਸਮੇਤ ਫੈਸਲੇ ਲਾਗੂ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਐਲਾਨ ਨਹੀਂ ਕਰਦੇ ਸਗੋਂ ਅਮਲੀ ਤੌਰ ‘ਤੇ ਕੰਮ ਕਰ ਕੇ ਦਿਖਾਉਂਦੇ ਹਨ। ਉਨ੍ਹਾਂ ਨੇ ਅੱਜ ਤੱਕ ਲਏ ਫੈਸਲਿਆਂ ਵਿੱਚੋਂ ਲਗਭਗ ਸਾਰਿਆਂ ‘ਤੇ ਗੱਲ਼ ਕੀਤੀ ਅਤੇ ਨਾਲ ਹੀ ਰਹਿੰਦੇ ਐਲਾਨਾਂ ਬਾਰੇ ਮੁੜ ਤੋਂ ਸਬੂਤ ਦੇਣ ਦਾ ਐਲਾਨ ਕੀਤਾ ਹੈ। ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਚਾਹੇ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਪਰ ਵਧੇਰੇ ਰਗੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਾਏ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨਜੀਤ ਰੱਖਣ ਦੀ ਥਾਂ ਵਿਸ਼ਵਾਸਜੀਤ ਕਹਿ ਕੇ ਪੁਕਾਰਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਚੰਨੀ ਦੀ ਸਰਕਾਰ ਨਹੀਂ ਸਗੋਂ ਚੰਗੀ ਸਰਕਾਰ ਹੈ।

ਮੁੱਖ ਮੰਤਰੀ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਤੁਕਾਂ ਨਾਲ ਕੀਤੀ ਪਰ ਵਿੱਚ ਵਿੱਚ ਆਪਣੀ ਆਦਤ ਮੁਤਾਬਕ ਦੂਜੇ ਸਿਆਸੀ ਲੀਡਰਾਂ ‘ਤੇ ਟਕੋਰਾਂ ਵੀ ਲਾਉਂਦੇ ਰਹੇ। ਉਨ੍ਹਾਂ ਨੇ ਆਪਣੇ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਲਾਨਾਂ ਵਿੱਚ ਨਹੀਂ, ਸਗੋਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਵੀ ਕਿਹਾ ਕਿ ਜੋ ਕਿਹਾ ਉਹ ਕਰਾਂਗੇ। ਚਰਨਜੀਤ ਚੰਨੀ ਦਾਂ ਇੱਕ-ਇੱਕ ਸ਼ਬਦ ਕਾਨੂੰਨ ਮੰਨਿਆ ਜਾਵੇ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਮੇਤ ਨੁਕਤਾਚੀਨੀ ਕਰਨ ਵਾਲੇ ਹੋਰ ਨੇਤਾਵਾਂ ਨੂੰ ਵੀ ਕੀਤੇ ਕੰਮਾਂ ਦੇ ਸਬੂਤ ਆ ਕੇ ਦੇਖਣ ਦੀ ਚੁਣੌਤੀ ਦਿੱਤੀ। ਚੰਨੀ ਨੇ ਸਭ ਤੋਂ ਪਹਿਲਾਂ ਦੋ ਕਿਲੋਵਾਟ ਦੇ 20 ਲੱਖ ਪਰਿਵਾਰਾਂ ਦੇ ਬਿਜਲੀ ਦੇ ਜ਼ੀਰੋ ਰਕਮ ਵਾਲੇ ਬਿੱਲ ਪੇਸ਼ ਕੀਤੇ। ਫਿਰ ਉਨ੍ਹਾਂ ਨੇ ਜਾਰੀ ਕੀਤੇ ਜਾ ਰਹੇ ਨੀਲੇ ਕਾਰਡਾਂ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪੰਜ ਮਰਲੇ ਅਲਾਟ ਕੀਤੇ ਪਲਾਟਾਂ ਦੇ ਦਸਤਾਵੇਜ਼ਾਂ ਦਾ ਥੱਭਾ ਪੱਤਰਕਾਰਾਂ ਅੱਗੇ ਰੱਖਿਆ। ਬਿਜਲੀ ਸਮਝੌਤਿਆਂ ਬਾਰੇ ਗੱਲ਼ ਕਰਦਿਆਂ ਚੰਨੀ ਨੇ ਕਿਹਾ ਕਿ ਸਰਕਾਰ ਦੇ ਸਸਤੇ ਬਿਜਲੀ ਦੇਣ ਦੇ ਦਾਅਵੇ ਲੋਕਾਂ ਨੂੰ ਭੇਜੇ ਜਾ ਰਹੇ ਬਿੱਲ ਹੀ ਸਬੂਤ ਹਨ। ਉਨ੍ਹਾਂ ਨੇ ਰੇਤਾ ਸਸਤਾ ਹੋਣ ਬਾਰੇ ਵੀ ਸਿਆਸੀ ਪਾਰਟੀਆਂ ਵੱਲੋਂ ਪਾਏ ਜਾ ਰਹੇ ਭੁਲੇਖਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਿਧਰੇ ਹਾਲੇ ਵੀ ਰੇਤਾ ਮਹਿੰਗੇ ਭਾਅ ਮਿਲ ਰਿਹਾ ਹੈ ਤਾਂ ਉਨ੍ਹਾਂ ਨੂੰ ਨਾਲ ਲਿਜਾ ਕੇ ਉਹ ਛਾਪਾ ਮਾਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਵਿੱਚੋਂ ਸਾਢੇ ਤਿੰਨ ਫੁੱਟ ਤੱਕ ਰੇਤਾ ਪੁੱਟਣ ਬਾਰੇ ਪਾ ਰਹੇ ਭੁਲੇਖਿਆਂ ਬਾਰੇ ਵੀ ਸਪੱਸ਼ਟੀਕਰਨ ਦਿੱਤਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ 80 ਫ਼ੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬੀ ਤੋਂ ਬਿਨਾਂ ਦਸਵੀਂ ਤੱਕ ਪੜਾਈ ਨਾ ਕਰਨ ਵਾਲਿਆਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ। ਉਨ੍ਹਾਂ ਨੇ ਦਿਵਾਲੀ ਮੌਕੇ ਉਸਾਰੀ ਕਾਮਿਆਂ ਨੂੰ 3100 ਰੁਪਏ ਭੇਜੇ ਸ਼ਗਨ ਸਕੀਮ ਦੇ ਸਬੂਤ ਵੀ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਦਿਵਾਲੀ ਵਾਲੇ ਦਿਨ 3 ਲੱਖ 70 ਹਜ਼ਾਰ ਕਾਮਿਆਂ ਨੂੰ 98 ਕਰੋੜ 74 ਲੱਖ ਰੁਪਏ ਨਕਦ ਦਿੱਤੇ ਗਏ ਹਨ। ਮੁੱਖ ਮੰਤਰੀ ਵਜ਼ੀਫਾ ਸਕੀਮ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ 90 ਫ਼ੀਸਦ ਤੋਂ ਵੱਧ ਅੰਕ ਲੈਣ ਵਾਲਿਆਂ ਦੀ ਪੂਰੀ ਫੀਸ ਮੁਆਫ ਕਰ ਦਿੱਤੀ ਗਈ ਹੈ ਜਦਕਿ 60 ਫ਼ੀਸਦੀ ਤੋਂ ਉੱਪਰ ਅੰਕ ਲੈਣ ਵਾਲਿਆਂ ਦੀ 70 ਫ਼ੀਸਦੀ ਫੀਸ ਮੁਆਫ ਹੋਵੇਗੀ। ਸਿਹਤ ਬੀਮਾ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ 20 ਲੱਖ ਪਰਿਵਾਰਾਂ ਦਾ ਪੰਜ ਲੱਖ ਤੱਕ ਮੁਫਤ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਮੋਤੀਆ ਮੁਕਤ ਪੰਜਾਬ ਤਹਿਤ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾਣਗੇ। ਕਾਨਫਰੰਸ ਦੇ ਅੰਤ ਵਿੱਚ ਉਹ ਮੁੜ ਅਰਵਿੰਦ ਕੇਜਰੀਵਾਲ ‘ਤੇ ਵਰ੍ਹੇ। ਉਨ੍ਹਾਂ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਵਿੱਚੋਂ ਚਿੱਟੇ ਅੰਗਰੇਜ਼ ਮਸਾਂ ਕੱਢੇ ਸਨ, ਹੁਣ ਕਾਲੇ ਅੰਗਰੇਜ਼ ਕਬਜ਼ਾ ਕਰਨ ਨੂੰ ਫਿਰਦੇ ਹਨ। ਪੰਜਾਬ ਸ਼ਾਮਲਾਤ ਨਹੀਂ ਅਤੇ ਨਾ ਹੀ ਬਾਹਰਲਿਆਂ ਨੂੰ ਇੱਥੇ ਰਾਜ ਕਰਨ ਦੀ ਇਜਾਜਤ ਦਿੱਤੀ ਜਾਵੇਗੀ।

ਉਨ੍ਹਾਂ ਨੇ ਆਪਣੀ ਸਾਦਗੀ ਬਾਰੇ ਮੁੜ ਗੱਲ ਕਰਦਿਆਂ ਕਿਹਾ ਕਿ ਉਹ ਤਾਂ ਛੱਪੜਾਂ ਵਿੱਚ ਮੈਸਾਂ (ਮੱਝਾਂ) ਨਿਵਾਉਂਦੇ ਰਹੇ ਹਨ। ਇਸ ਕਰਕੇ ਉਹ ਆਮ ਆਦਮੀ ਦੀ ਪ੍ਰਤੀਨਿਧਤਾ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਆਪਣੇ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਲਈ ਕੰਬਲੀ ਹੀ ਕਾਫੀ ਹੈ, ਜੇ ਉਨ੍ਹਾਂ ‘ਤੇ ਕੋਈ ਤੋਹਮਤ ਲੱਗਦੀ ਹੋਈ ਜਾਂ ਲੋਕਾਂ ਦੇ ਭਰੋਸ ਖਰੇ ਨਾ ਉੱਤਰੇ ਤਾਂ ਉਹ ਕੰਬਲੀ ਲਪੇਟ ਕੇ ਤੁਰਦੇ ਬਣਨਗੇ। ਉਂਝ ਉਨ੍ਹਾਂ ਨੇ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬੀਆਂ ਵਾਸਤੇ ਆਪਣੇ ਮਨ ਵਿਚਲੀਆਂ ਰਹਿ ਗਈਆਂ ਇੱਛਾਵਾਂ ਪੂਰੀਆਂ ਕਰਨ ਵੱਲ ਵੀ ਇਸ਼ਾਰਾ ਕੀਤਾ।