– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਫਤਿਹ ਕਰਨ ਤੋਂ ਬਾਅਦ ਕਿਸਾਨ ਕੌਮੀ ਰਾਜਧਾਨੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਮੋਰਚਾ ਸਮੇਟਣ ਦੇ ਰੌਂਅ ਵਿੱਚ ਦਿਸ ਰਹੇ ਹਨ। ਪੰਜਾਬ ਤੋਂ ਕਿਸਾਨ ਨੇਤਾਵਾਂ ਦੀ ਮਨਸ਼ਾ ਮੁਤਾਬਕ ਸਾਰਾ ਕੁੱਝ ਲੀਹ ‘ਤੇ ਤੁਰਦਾ ਰਿਹਾ ਤਾਂ ਅਗਲੇ ਦਿਨੀਂ ‘ਸੰਗਤਾਂ’ ਪੰਜਾਬ ਨੂੰ ਚਾਲੇ ਪਾ ਲੈਣਗੀਆਂ। ਬਸ ਇੱਕ ਰਾਕੇਸ਼ ਟਿਕੈਤ ਨੂੰ ਮਨਾਉਣਾ ਬਾਕੀ ਰਹਿ ਗਿਆ ਹੈ। ਮੋਰਚਾ ਖਤਮ ਕਰਨ ਦੇ ਫੈਸਲੇ ‘ਤੇ ਪਹਿਲੀ ਦਸੰਬਰ ਦੀ ਮੀਟਿੰਗ ਵਿੱਚ ਵੀ ਮੋਹਰ ਲੱਗ ਸਕਦੀ ਹੈ ਅਤੇ ਚਾਰ ਦੀ ਮੀਟਿੰਗ ਤੱਕ ਅੱਗੇ ਵੀ ਪੈ ਸਕਦਾ ਹੈ।
ਮੋਰਚੇ ਦੇ ਇੱਕ ਸਿਰ ਕੱਢ ਆਗੂ ਨੇ ‘ਦ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਬਾਕੀ ਦੀਆਂ ਮੰਗਾਂ ਵੱਲ ਵੀ ਹਾਂ-ਪੱਖੀ ਹੁੰਗਾਰਾ ਮਿਲਣ ਲੱਗਾ ਹੈ। ਉਂਝ ਉਨ੍ਹਾਂ ਨੇ ਇਹ ਗੱਲ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਰਹਿੰਦੇ ਮਸਲਿਆਂ ਦੇ ਨਬੇੜੇ ਲਈ ਕੇਂਦਰ ਦਾ ਕਿਹੜਾ ਕਬੂਤਰ ਕਿੱਧਰ ਨੂੰ ਉਡਾਰੀ ਭਰ ਰਿਹਾ ਹੈ। ਚਰਚਾ ਤਾਂ ਇਹ ਵੀ ਇਹ ਵੀ ਛਿੜ ਪਈ ਹੈ ਕਿ ਪੰਜਾਬ ਨਾਲ ਸਬੰਧਿਤ ਕਿਸਾਨ ਨੇਤਾ ਹੀ ਕੇਵਲ ਪੰਜਾਬ ਨੂੰ ਮੁੜਨ ਲਈ ਕਾਹਲੇ ਨਹੀਂ ਹਨ ਪਰ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਪਾਰਟੀਆਂ ਵੱਲੋਂ ਵੀ ਹੁਣ ਬਸ ਕਰਨ ਦੇ ਸੁਨੇਹੇ ਲਾਏ ਜਾਣ ਲੱਗੇ ਹਨ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਨਾਲ ਸਬੰਧਿਤ ਕਈ ਕਿਸਾਨ ਨੇਤਾਵਾਂ ਦੀ ਨੀਅਤ ਝੰਡੀ ਵਾਲੀਆਂ ਕਾਰਾਂ ਲਈ ਖਰਾਬ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਰੁਕਿਆ ਐਲਾਨ ਵੀ ਇੱਕ ਵੱਡੇ ਨੇਤਾ ਦੇ ਨਾਂ ਨਾਲ ਜੁੜਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਇੱਕ ਕਿਸਾਨ ਨੇਤਾ ਨੂੰ ਅਜਿਹੀ ਆਫਰ ਦੇ ਚੁੱਕੇ ਹਨ। ਉਂਝ ਕਿਸਾਨ ਨੇਤਾਵਾਂ ਦੇ ਕਾਹਲ ਨਾਲ ਸਿਆਸਤ ‘ਚ ਪੈਰ ਧਰਨ ਦੇ ਨਤੀਜੇ ਕੀ ਨਿਕਲਣ, ਬਾਰੇ ਤਾਂ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਜੇ ਕਿਤੇ ਉਹ ਪ੍ਰੈੱਸ਼ਰ ਗਰੁੱਪ ਕਾਇਮ ਰੱਖ ਕੇ ਦੇਸ਼ ਵਿੱਚ ਆਪਣਾ ਡੰਕਾ ਵਜਾਉਂਦੇ ਰਹਿਣ ਤਾਂ ਉਨ੍ਹਾਂ ਦੀ ਪ੍ਰਵਾਨਗੀ ਵੱਧ ਜਾਵੇਗੀ।
ਦੇਸ਼ ਦੇ ਭਵਿੱਖ ਲਈ ਇਹ ਇੱਕ ਹਾਂ-ਪੱਖੀ ਕਦਮ ਹੋਵੇਗਾ। ਕਿਸਾਨ ਅੰਦੋਲਨ ਰਾਹੀਂ ਬਣਾਏ ਪ੍ਰੈਸ਼ਰ ਨੇ ਮੋਦੀ ਵਰਗਾ ਹਠੀ ਪ੍ਰਧਾਨ ਮੰਤਰੀ ਝੁਕਾ ਦਿੱਤਾ ਹੈ ਅਤੇ ਕੌਮੀ ਸਿਆਸਤਦਾਨਾਂ ਲਈ ਭਵਿੱਖ ਵਿੱਚ ਇਹ ਇੱਕ ਵੱਡਾ ਸੁਨੇਹਾ ਮੰਨਿਆ ਜਾਣ ਲੱਗਾ ਹੈ। ਸੱਚ ਕਹੀਏ ਤਾਂ ਭਾਰਤ ਵਾਸੀਆਂ ਦੀਆਂ ਉਮੀਦ ਭਰੀਆਂ ਅੱਖਾਂ ਸਿਆਸਤਦਾਨਾਂ ਨਾਲੋਂ ਕਿਸਾਨਾਂ ਵੱਲ ਵਧੇਰੇ ਗੱਡੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਕੱਲ੍ਹ ਸੰਸਦ ਦੇ ਦੋਵੇਂ ਸਦਨਾਂ ਵਿੱਚ ਵਿਰੋਧੀ ਧਿਰਾਂ ਦੇ ਰੌਲੇ ਰੱਪੇ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕੀਤਾ ਗਿਆ ਹੈ। ਹੁਣ ਇਸ ਬਿੱਲ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮੋਹਰ ਲੱਗਣੀ ਬਾਕੀ ਹੈ। ਕਿਸਾਨ ਨੇਤਾ ਇਸ ਨੂੰ ਆਪਣੀ ਜਿੱਤ ਦੀ ਸ਼ੁਰੂਆਤ ਮੰਨਣ ਲੱਗੇ ਹਨ।