International

ਕੈਨੇਡਾ ‘ਚ ਮਿਲੇ ਓਮੀਕਰੌਨ ਦੇ 2 ਕੇਸ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਓਮੀਕਰੌਨ ਵੈਰੀਅੰਟ ਨੇ ਦੁਨੀਆ ਭਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਈ ਦੇਸ਼ਾਂ ਨੇ ਟੈਸਟਿੰਗ ਆਈਸੋਲੇਸ਼ਨ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਯੂਕੇ, ਸ੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫ਼ਰੀਕੀ ਦੇਸ਼ਾਂ ’ਤੇ ਟਰੈਵਲ ਬੈਨ ਲਗਾ ਦਿੱਤਾ ਹੈ। ਅਮਰੀਕਾ ਵੀ ਅਫ਼ਰੀਕੀ ਦੇਸ਼ਾਂ ’ਤੇ ਟਰੈਵਲ ਬੈਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਕੈਨੇਡਾ ਵਿਚ ਓਮੀਕਰੌਨ ਦੇ 2 ਮਾਮਲੇ ਸਾਹਮਣੇ ਆਏ ਹਨ।

ਕੈਨੇਡਾ ਵਿਚ ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕਰੌਨ ਦੇ ਪਹਿਲੇ ਦੋ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਸਰਕਾਰ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਟਰੀਓ ਵਿਚ ਓਮੀਕਰੌਨ ਵੈਰੀਅੰਟ ਦੇ ਦੋ ਕੇਸ ਮਿਲੇ ਹਨ। ਇਹ ਦੋਵੇਂ ਹੀ ਕੇਸ ਨਾਈਜੀਰੀਆ ਤੋਂ ਪਰਤੇ ਦੋ ਲੋਕਾਂ ਵਿਚ ਮਿਲੇ ਹਨ। ਚੀਫ਼ ਮੈਡੀਕਲ ਅਫ਼ਸਰ ਆਫ ਹੈਲਥ ਨੇ ਦੱਸਿਆ ਕਿ ਔਟਵਾ ਹੈਲਥ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਦੋਵੇਂ ਮਰੀਜ਼ ਆਈਸੋਲੇਸ਼ਨ ਵਿਚ ਹਨ।ਸਾਊਥ ਅਫ਼ਰੀਕਾ ਵਿਚ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਓਮੀਕਰੌਨ ਤੋਂ ਬਚਾਅ ਲਈ ਅਮਰੀਕਾ ਨੇ ਵੀ ਤਿਆਰੀ ਕਰ ਲਈ ਹੈ। ਅਮਰੀਕਾ ਨੇ ਇਸ ਵਾਇਰਸ ਤੋਂ ਬਚਣ ਲਈ ਅਫ਼ਰੀਕੀ ਦੇਸ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਯਾਤਰਾ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਇਸ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।

ਉਧਰ ਰਾਸ਼ਟਰਪਤੀ ਦੇ ਚੀਫ਼ ਮੈਡੀਕਲ ਐਡਵਾਈਜ਼ਰ ਡਾ. ਐਂਥਨੀ ਫੌਚੀ ਨੇ ਕਿਹਾ ਕਿ ਓਮੀਕਰੌਨ ਕੋਰੋਨਾ ਦੇ ਹੁਣ ਤੱਕ ਮਿਲੇ ਹੋਰ ਸਾਰੇ ਵੈਰੀਂਅੰਟ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਾਇਰਸ ਫੈਲਾਉਣ ਵਾਲਾ ਲੱਗ ਰਿਹਾ ਹੈ। ਹੁਣ ਤੱਕ ਸਾਹਮਣੇ ਆਏ ਫੈਕਟਸ ਦੇ ਆਧਾਰ ’ਤੇ ਇਹ ਵੀ ਲੱਗ ਰਿਹਾ ਹੈ ਕਿ ਇਹ ਵੈਰੀਅੰਟ ਮੋਨੋਕਲੋਨਲ ਐਂਟੀਬਾਡੀਜ਼ (ਕੋਰੋਨਾ ਵਾਇਰਸ ਹੋਣ ’ਤੇ ਨੈਚੁਰਲ ਤਰੀਕੇ ਨਾਲ ਸਰੀਰ ਵਿਚ ਖੁਦ ਬਣਨ ਵਾਲੀ ਇਮਿਊਨਿਟੀ) ਨੂੰ ਬਾਈਪਾਸ ਕਰ ਸਕਦਾ ਹੈ ਅਤੇ ਇਸੇ ਕਾਰਨ ਇਹ ਥੋੜ੍ਹਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸੰਭਾਵਨਾ ਇਹ ਵੀ ਹੈ ਕਿ ਵੈਕਸੀਨ ਦੇ ਕਾਰਨ ਬਣੇ ਐਂਟੀਬਾਡੀਜ਼ ਨੂੰ ਵੀ ਇਹ ਧੋਖਾ ਦੇ ਸਕਦਾ ਹੈ।

ਨੀਦਰਲੈਂਡ ਵਿਚ ਸ਼ੁੱਕਰਵਾਰ ਨੂੰ 61 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਇਨ੍ਹਾਂ ਵਿਚੋਂ 13 ਵਿਚ ਓਮੀਕਰੌਨ ਵੈਰੀਅੰਟ ਮਿਲਿਆ ਹੈ। ਮਾਡਰਨਾ ਵੈਕਸੀਨ ਦੇ ਚੀਫ ਮੈਡੀਕਲ ਅਫ਼ਸਰ ਡਾ. ਪੌਲ ਬਰਟਨ ਨੇ ਓਮੀਕਰੌਨ ਵੈਰੀਅੰਟ ਨੂੰ ਖ਼ਤਰਨਾਕ ਦੱਸਿਆ ਹੈ। ਹਾਲਾਂਕਿ ਬਰਟਨ ਨੇ ਉਮੀਦ ਜਤਾਈ ਕਿ ਇਸ ਵੈਰੀਅੰਟ ਨਾਲ ਵੀ ਨਿਪਟ ਲਿਆ ਜਾਵੇਗਾ।