‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਜੋ ਜਿੱਤ ਮਿਲੀ ਹੈ ਉਹ ਤੁਹਾਡੀ ਤਪੱਸਿਆ ਦਾ ਸਿੱਟਾ ਹੈ। ਦੁਨੀਆ ਭਰ ਦੇ ਲੋਕ ਇਸ ਅੰਦੋਲਨ ‘ਤੇ ਨਿਗ੍ਹਾ ਲਾਈ ਬੈਠੇ ਸਨ। ਅੱਜ ਦੁਨੀਆ ਭਰ ਦੇ ਜਸ਼ਨ ਮਨਾ ਰਹੇ ਹੋ। ਮੇਰਾ ਚਿੱਤ ਕਰਦਾ ਹੈ ਕਿ ਤੁਸੀਂ ਜੋ ਅੱਜ ਅੰਦੋਲਨ ਵਿੱਚ ਆਏ ਹੋ, ਤੁਹਾਡੇ ਪੈਰ ਧੋ ਧੋ ਕੇ ਪੀਵਾਂ। ਮੈਂ ਅੱਜ ਦੀ ਹਕੂਮਤ ਨੂੰ ਹਕੂਮਤ ਨਹੀਂ ਮੰਨਦਾ ਕਿਉਂਕਿ ਇਹ ਹਕੂਮਤ ਲੋਕਾਂ ਦੀ ਹਕੂਮਤ ਨਹੀਂ ਹੈ। ਇੱਕ ਪਾਸੇ ਲੋਕ ਸਾਨੂੰ ਅੰਨਦਾਤਾ ਕਹਿੰਦੇ ਹਨ ਅਤੇ ਦੂਜੇ ਪਾਸੇ ਸਾਨੂੰ ਭੱਦੀ ਸ਼ਬਦਾਵਲੀ ਵਰਤੀ ਗਈ। ਸਾਡੇ ਲਈ ਦੁਨੀਆ ਦੀ ਡਿਕਸ਼ਨਰੀ ਦਾ ਸਭ ਤੋਂ ਘਟੀਆ ਸ਼ਬਦ ਮਵਾਲੀ ਸਾਡੇ ਲਈ ਵਰਤਿਆ ਗਿਆ ਹੈ। ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੋਵੇ, ਉਹ ਹਮਦਰਦੀ ਦਾ ਪਾਤਰ ਨਹੀਂ ਹੋ ਸਕਦੇ। ਰਾਜੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਬਖਸ਼ਿਉ ਜਿਨ੍ਹਾਂ ਨੇ ਸਾਨੂੰ ਇਹੋ ਜਿਹੀਆਂ ਗਾਲ੍ਹਾਂ ਕੱਢੀਆਂ ਹਨ। ਉਨ੍ਹਾਂ ਲੋਕਾਂ ਨਾਲ ਕੋਈ ਨਾਤਾ ਨਾ ਰੱਖਿਓ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਰਦੀਆਂ, ਗਰਮੀਆਂ, ਬਰਸਾਤਾਂ ਵਿੱਚ ਸੜਕਾਂ ਉੱਤੇ ਰੋਲਿਆ ਹੈ। ਤੁਸੀਂ ਆਪਣੀਆਂ ਮੰਗਾਂ ਆਪਣੀ ਤਾਕਤ ਨਾਲ ਮੰਨਵਾਈਆਂ ਹਨ, ਕਿਸੇ ਨੇ ਥਾਲੀ ਵਿੱਚ ਪਰੋਸ ਕੇ ਤੁਹਾਨੂੰ ਨਹੀਂ ਦਿੱਤੀਆਂ।
ਰਾਜੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਮੋਦੀ ਇਸ ਤਰ੍ਹਾਂ ਧੜੱਕ ਦੇ ਕੇ ਟੁੱਟਿਆ ਕਿ ਬਾਅਦ ਵਿੱਚ ਟਿਕਿਆ ਹੀ ਨਹੀਂ, ਜਿਉਂ ਡਿੱਗਣ ਲੱਗਾ, ਡਿੱਗੀ ਗਿਆ। ਬਾਬੇ ਨਾਨਕ ਨੇ ਉਸਨੂੰ ਐਸੀ ਅਕਲ ਬਖਸ਼ੀ ਕਿ ਤਿੰਨੇ ਕਾਨੂੰਨ ਵਾਪਸ ਲਏ ਅਤੇ ਕਿਸਾਨਾਂ ਤੋਂ ਮੁਆਫੀ ਵੀ ਮੰਗੀ। ਪਰ ਹਾਲੇ ਲੜਾਈ ਖਤਮ ਨਹੀਂ ਹੋਈ। ਇਹੋ ਜਿਹੀ ਸਰਕਾਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਹਾਲੇ ਬਹੁਤ ਚੌਕਸ ਰਹਿਣ ਦੀ ਲੋੜ ਹੈ। ਇਹ ਰਵਾਇਤ ਬਣ ਗਈ ਸੀ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਅਤੇ ਜਦੋਂ ਅਰਦਾਸ ਹੁੰਦੀ ਤਾਂ ਕਿਸਾਨੀ ਅੰਦੋਲਨ ਦੀ ਸਫ਼ਲਤਾ ਦੀ ਅਰਦਾਸ ਵੀ ਹੋਣ ਲੱਗ ਪਈ। ਤੁਸੀਂ ਸਭ ਕੁੱਝ ਬਦਲ ਕੇ ਰੱਖ ਦਿੱਤਾ। ਤੁਸੀਂ ਬਹੁਤ ਕੁੱਝ ਬਦਲਿਆ ਹੈ ਅਤੇ ਹੁਣ ਇਸਨੂੰ ਸਾਂਭਣ ਦਾ ਵੇਲਾ ਹੈ।
ਰਾਜੇਵਾਲ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀ ਨੂੰ ਆਪਣੇ-ਆਪਣੇ ਘਰਾਂ ਵਿੱਚ ਕਿਸਾਨੀ ਝੰਡਾ ਲਾਉਣ ਦੀ ਅਪੀਲ ਕੀਤੀ। ਬੀਜੇਪੀ ਵਾਲਿਆਂ ਦੀ ਹਿੰਮਤ ਨਹੀਂ ਤੁਹਾਡੇ ਨਾਲ ਲੜਨ ਦੀ, ਪਰ ਅਸੀਂ ਜਿੱਤ ਦੀ ਖੁਸ਼ੀ ਵਿੱਚ ਅਵੇਸਲੇ ਨਹੀਂ ਹੋਣਾ। ਛੋਟੀ ਜੰਗ ਜਿੱਤ ਕੇ ਨਹੀਂ ਜਾ ਰਹੇ, ਜਦੋਂ ਘਰਾਂ ਨੂੰ ਜਾਓਗੇ ਲੋਕ ਤੁਹਾਡੇ ‘ਤੇ ਫੁੱਲਾਂ ਦੀ ਵਰਖਾ ਕਰਨਗੇ। ਜਿਹੜੇ ਮੁਲਕ ਵਿੱਚ ਕਿਸਾਨੀ ਕੁਚਲ ਦਿੱਤੀ, ਉਹ ਮੁਲਕ ਕਦੇ ਨਹੀਂ ਬਚਿਆ।