Punjab

ਮੁੱਖ ਮੰਤਰੀ ਚੰਨੀ ਦਾ ਖਹਿੜਾ ਨਹੀਂ ਛੱਡ ਰਹੇ ਵਿਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਵਿਵਾਦਾਂ ਵਿੱਚੋਂ ਬਚਦੇ ਨਜ਼ਰ ਆਏ ਹਨ। ਮੁੱਖ ਮੰਤਰੀ ਦਫ਼ਤਰ ਨੇ ਚੁਸਤੀ ਵਰਤਦਿਆਂ ਚੰਨੀ ਦਾ ਮੋਗਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉੱਥੋਂ ਦੇ ਵਿਵਾਦਤ ਪਾਦਰੀ ਬਲਵਿੰਦਰ ਸਿੰਘ ਵੱਲੋਂ ਸਿਹਤ ਨਾਲ ਸਬੰਧਿਤ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਮੁੱਖ ਮੰਤਰੀ ਚੰਨੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਾਣੀ ਸੀ। ਪ੍ਰੋਗਰਾਮ ਪ੍ਰਬੰਧਕਾਂ ਵੱਲੋਂ ਚੰਨੀ ਦੀ ਫੋਟੋ ਵਾਲੇ ਪੋਸਟਰ ਛਾਪ ਕੇ ਵੀ ਪ੍ਰਚਾਰ ਕਰ ਦਿੱਤਾ ਗਿਆ ਸੀ। ਮੇਜ਼ਬਾਨ ਪਾਦਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਨਿੱਜੀ ਤੌਰ ‘ਤੇ ਸੱਦਾ ਦਿੱਤਾ ਸੀ ਜਿਸ ਲਈ ਚੰਨੀ ਨੇ ਸਹਿਮਤੀ ਵੀ ਦੇ ਦਿੱਤੀ ਸੀ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਨੇ ਚੰਨੀ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਖੰਡਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦਾ ਇਹ ਵੀ ਕਹਿਣਾ ਹੈ ਕਿ ਝੂਠੇ ਪੋਸਟਰ ਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਦਲਿਤ ਭਾਈਚਾਰੇ ਦੇ ਪ੍ਰਤੀਨਿਧ ਵਜੋਂ ਪ੍ਰਚਾਰਿਆ ਜਾਂਦਾ ਹੈ, ਬਾਰੇ ਇੱਕ ਹੋਰ ਧਰਮ ਨਾਲ ਜੁੜੇ ਹੋਣ ਬਾਰੇ ਵੀ ਚਰਚਾ ਚੱਲ ਰਹੀ ਹੈ। ਹਾਲ ਦੀ ਘੜੀ ਮੁੱਖ ਮੰਤਰੀ ਪਾਦਰੀ ਬਲਵਿੰਦਰ ਸਿੰਘ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਕਥਿਤ ਤੌਰ ‘ਤੇ ਟਾਲਾ ਵੱਟ ਗਏ ਲੱਗਦੇ ਹਨ। ਇਸਦੇ ਨਾਲ ਉਨ੍ਹਾਂ ਦੇ ਇੱਕ ਵਿਸ਼ੇਸ਼ ਧਰਮ ਨਾਲ ਲਗਾਵ ਬਾਰੇ ਚੱਲ ਰਹੀ ਚਰਚਾ ਨੂੰ ਮੁੜ ਤੋਂ ਲਗਾਮ ਲੱਗਣ ਦੀ ਸੰਭਾਵਨਾ ਬਣ ਗਈ ਹੈ।