Punjab

ਪਿਓ ਤੋਂ ਮਿਲੀ ਅਜਿਹੀ ਸਿੱਖਿਆ ਕਿ ਲੋਕਾਂ ਤੋਂ ਮਿਲ ਰਹੀ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਤੈਨਾਤ ਮੁਨੀਸ਼ ਨੂੰ ਆਪਣੇ ਪਿਤਾ ਦੀ ਦੇਸ਼ ਭਗਤੀ ਨੇ ਇੰਨਾਂ ਪ੍ਰਭਾਵਿਤ ਕੀਤਾ ਕਿ ਉਸਨੇ ਇਹ ਸੇਵਾ ਤਿਆਗ ਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੀ ਸੇਵਾ ਚੁਣ ਲਈ।25 ਸਾਲ ਦੇ ਮੁਨੀਸ਼ ਦੀ ਇਸ ਸੇਵਾ ਨੂੰ ਚਾਰੇ ਪਾਸੇ ਪ੍ਰਸ਼ੰਸਾ ਮਿਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਨੀਸ਼ ਦੇ ਪਿਤਾ ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਫਸਟ ਪੈਰਾ ਸਪੈਸ਼ਲ ਫੋਰਸਿਜ਼ ਯੂਨਿਟ ਹਿਮਾਚਲ ਪ੍ਰਦੇਸ਼ ਵਿੱਚ ਸੇਵਾ ਕਰ ਰਹੇ ਹਨ। ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਨੇ ਭਾਰਤੀ ਫੌਜ ਵਿੱਚ ਬਤੌਰ ਸਿਪਾਹੀ ਸੇਵਾ ਸ਼ੁਰੂ ਕੀਤੀ ਸੀ। ਭਾਰਤ ਮਾਤਾ ਦੀ ਸੇਵਾ ਕਰਦਿਆਂ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਵੱਡਾ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇ। ਇਸ ਸੁਪਨੇ ਨੂੰ ਧਿਆਨ ਵਿੱਚ ਰੱਖਦਿਆਂ ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਨੇ ਆਪਣੇ ਮੁੰਡੇ ਮੁਨੀਸ਼ ਨੂੰ ਸ਼ੁਰੂ ਤੋਂ ਹੀ ਭਾਰਤੀ ਫੌਜ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਮੁਨੀਸ਼ ਦਾ ਕਹਿਣਾ ਹੈ ਕਿ ਉਸ ਦਾ ਇੱਕੋ-ਇੱਕ ਟੀਚਾ ਆਪਣੇ ਪਿਤਾ ਦੇ ਸੁਪਨੇ ਨੂੰ ਸਫਲ ਕਰਨਾ ਹੈ। ਇਸ ਲਈ ਉਸ ਨੇ ਦਿਨ ਵਿੱਚ 12 ਤੋਂ 14 ਘੰਟੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਮੁਨੀਸ਼ ਫਰਵਰੀ 2020 ਵਿੱਚ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਸਰਵਿਸ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਵਿੱਚ ਯੋਗਤਾ ਪੂਰੀ ਕਰਨ ਤੋਂ ਬਾਅਦ, 7 ਜਨਵਰੀ 2021 ਨੂੰ, ਆਫਿਸਰ ਟ੍ਰੇਨਿੰਗ ਅਕੈਡਮੀ, ਚੇਨਈ ਵਿੱਚ ਭਰਤੀ ਹੋ ਗਿਆ।