Punjab

‘ਦ ਖ਼ਾਲਸ ਟੀਵੀ ਨੇ ਚੰਨੀ ਸਰਕਾਰ ਦਾ ਲੁਕਿਆ ਸੱਚ ਲਿਆਂਦਾ ਸਾਹਮਣੇ, ਹੁਣ ਸਸਤੀ ਬਿਜਲੀ ਮਿਲੇਗੀ ਪਹਿਲੀ ਨਵੰਬਰ ਤੋਂ

‘ਦ ਖ਼ਾਲਸ ਬਿਊਰੋ ( ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਪਹਿਲੀ ਨਵੰਬਰ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਕਰਨ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਮੰਤਰੀ ਮੰਡਲ ਦੇ ਕਾਗਜ਼ ਕੁੱਝ ਹੋਰ ਬੋਲਦੇ ਦਿਸੇ। ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਘਟੀਆਂ ਦਰਾਂ ਪਹਿਲੀ ਦਸੰਬਰ ਤੋਂ ਲਾਗੂ ਹੋਣੀਆਂ ਸਨ। ‘ਦ ਖ਼ਾਲਸ ਟੀਵੀ ਵੱਲੋਂ ਆਪਣੇ ਬਹ-ਚਰਚਿਤ ਸ਼ੋਅ ਖ਼ਾਲਸ ਚਰਚਾ ਵਿੱਚ ਲੁਕਿਆ ਸੱਚ ਸਾਹਮਣੇ ਲਿਆਂਦਾ ਸੀ ਕਿ ਬਿਜਲੀ ਦੀਆਂ ਦਰਾਂ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਪਹਿਲੀ ਨਵੰਬਰ ਤੋਂ ਨਹੀਂ ਸਗੋਂ ਪਹਿਲੀ ਦਸੰਬਰ ਤੋਂ ਲਾਗੂ ਹੋਣਗੀਆਂ। ਪੰਜਾਬ ਸਰਕਾਰ ਨੇ ਇੱਕ ਸਪੈਸ਼ਲ ਪੱਤਰ ਜਾਰੀ ਕਰਕੇ ਹੁਣ ਪਹਿਲੀ ਨਵੰਬਰ ਤੋਂ ਘਟੀਆਂ ਦਰਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਹੈ। ਬਿਜਲੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਮੰਨਣਾ ਹੈ ਕਿ ਲੁਕਿਆ ਸੱਚ ਸਾਹਮਣੇ ਆਉਣ ਦੀ ਭਿਣਕ ਪੈਂਦਿਆਂ ਹੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਚੱਲਦਿਆਂ ਮੁੱਖ ਮੰਤਰੀ ਦਫ਼ਤਰ ਵੱਲੋਂ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਗਿਆ ਹੈ।

ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਤੋਂ ਸਸਤੀ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਸੀ। ਪੰਜਾਬ ਕੈਬਨਿਟ ਨੇ ਪਹਿਲੀ ਨਵੰਬਰ ਨੂੰ ਸੱਤ ਕਿਲੋਵਾਟ ਤੱਕ ਵਾਲੇ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਛੋਟ ਦੇਣ ਦਾ ਫ਼ੈਸਲਾ ਲਿਆ ਸੀ। ਮੈਮੋਰੰਡਮ ਵਿੱਚ ਸਸਤੀ ਬਿਜਲੀ ਦਾ ਫੈਸਲਾ 1 ਦਸੰਬਰ ਤੋਂ ਲਾਗੂ ਹੋਣਾ ਸੀ। ਪਾਵਰਕੌਮ ਨੇ ਹਾਲੇ ਕੈਬਨਿਟ ਦਾ ਫ਼ੈਸਲਾ ਪਹਿਲੀ ਦਸੰਬਰ ਤੋਂ ਹੀ ਲਾਗੂ ਕਰਨਾ ਸੀ। ਪਾਵਰਕੌਮ ਵੱਲੋਂ ਜੋ ਬਿਜਲੀ ਬਿੱਲ ਭੇਜੇ ਜਾ ਰਹੇ ਹਨ, ਉਨ੍ਹਾਂ ਵਿੱਚ ਕਿਧਰੇ ਵੀ ਸਸਤੀ ਬਿਜਲੀ ਦੇ ਯੂਨਿਟ ਜਦੋਂ ਨਜ਼ਰ ਨਾ ਪਏ ਤਾਂ ਖ਼ਪਤਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸੋਸ਼ਲ ਮੀਡੀਆ ’ਤੇ ਸਰਕਾਰ ਖ਼ਿਲਾਫ਼ ਪ੍ਰਚਾਰ ਵੀ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਨੇ ਇਸ ਵਿਰੋਧ ਵਾਲੇ ਪ੍ਰਚਾਰ ਨੂੰ ਠੱਲਣ ਲਈ ਫੌਰੀ ਫ਼ੈਸਲਾ ਬਦਲਦਿਆਂ ਹੁਣ ਪਹਿਲੀ ਨਵਬੰਰ ਤੋਂ ਹੀ ਸਸਤੀ ਬਿਜਲੀ ਦੇ ਬਿੱਲ ਭੇਜਣ ਲਈ ਪੱਤਰ ਜਾਰੀ ਕੀਤਾ ਹੈ। ਪਾਵਰਕੌਮ ਵੱਲੋਂ ਹੁਣ ਨਵੰਬਰ ਮਹੀਨੇ ਦੇ ਬਿੱਲ ਵਿਚ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਸ਼ਾਮਿਲ ਹੋਵੇਗੀ।